- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਥਰਾਅ ’ਚ ਜ਼ਖਮੀ ਹੋਈ ਮਹਿਲਾ ਦੀ ਮੌਤ ’ਤੇ ਇਨਸਾਫ ਨਾ ਮਿਲਣ

-ਬਦਮਾਸ਼ਾਂ ਨੇ ਮੋਬਾਈਲ ਨਾ ਦੇਣ ’ਤੇ ਪਿਤਾ-ਪੁੱਤਰ ਨਾਲ ਮਾਰਕੁੱਟ ਮਗਰੋਂ ਘਰ ’ਤੇ ਕੀਤਾ ਸੀ ਹਮਲਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਸੁਦਾਮਾ ਵਿਹਾਰ ਇਲਾਕੇ ’ਚ ਮੋਬਾਈਲ ਫੋਨ ਨਾ ਦੇਣ ’ਤੇ ਕੁਝ ਨੌਜਵਾਨਾਂ ਨੇ ਪਹਿਲਾਂ ਚਿਕਨ ਦੀ ਰੇਹੜੀ ਲਾਉਣ ਵਾਲੇ ਬਾਪ-ਪੁੱਤਰ ਨਾਲ ਮਾਰਕੁੱਟ ਕੀਤੀ ਤੇ ਬਾਅਦ ’ਚ ਰੰਜਿਸ਼ ’ਚ ਉਨ੍ਹਾਂ ਦੇ ਘਰ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਜ਼ਖਮੀ ਹੋਈ ਔਰਤ ਦੀ ਬਾਅਦ ’ਚ ਮੌਤ ਹੋ ਗਈ। ਘਟਨਾ ਤੋਂ ਬਾਅਦ ਲੋਕਾਂ ’ਚ ਰੋਸ ਫੈਲ ਗਿਆ ਤੇ ਇਨਸਾਫ ਨਾ ਮਿਲਣ ’ਤੇ ਪਰਿਵਾਰਕ ਮੈਂਬਰਾਂ ਤੇ ਸਥਾਨਕ ਲੋਕਾਂ ਨੇ 66 ਫੁੱਟੀ ਰੋਡ ’ਤੇ ਲਾਸ਼ ਰੱਖ ਕੇ ਧਰਨਾ ਦੇ ਦਿੱਤਾ। ਦੋਸ਼ ਲਾਇਆ ਗਿਆ ਕਿ ਐੱਫਆਈਆਰ ਤਾਂ ਦਰਜ ਹੋ ਗਈ ਹੈ ਪਰ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੀੜਤ ਕਰਨ ਨੇ ਦੱਸਿਆ ਕਿ ਉਹ ਸੁਦਾਮਾ ਵਿਹਾਰ ’ਚ ਚਿਕਨ ਦੀ ਰੇਹੜੀ ਲਗਾ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਉਸ ਨੇ ਦੱਸਿਆ ਕਿ ਕੁਝ ਨੌਜਵਾਨ ਉਸਦੇ ਕੋਲ ਆਏ ਤੇ ਉਸ ਤੋਂ ਮੋਬਾਈਲ ਫੋਨ ਮੰਗਣ ਲੱਗੇ। ਕਰਨ ਦਾ ਦੋਸ਼ ਹੈ ਕਿ ਇਹ ਨੌਜਵਾਨ ਇਲਾਕੇ ’ਚ ਗਾਂਜਾ ਵੇਚਣ ਦਾ ਕੰਮ ਕਰਦੇ ਹਨ। ਜਦੋਂ ਉਸ ਨੇ ਆਪਣਾ ਮੋਬਾਈਲ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਨੌਜਵਾਨ ਗੁੱਸੇ ’ਚ ਆ ਗਏ ਤੇ ਪਹਿਲਾਂ ਉਸਦੇ ਪੁੱਤਰ ਨੂੰ ਥੱਪੜ ਮਾਰ ਦਿੱਤਾ ਤੇ ਉੱਥੇ ਹੰਗਾਮਾ ਕਰਨ ਲੱਗੇ। ਆਸ-ਪਾਸ ਦੇ ਲੋਕਾਂ ਨੇ ਕਿਸੇ ਤਰ੍ਹਾਂ ਬੀਚ-ਬਚਾਅ ਕਰ ਕੇ ਮਾਮਲਾ ਸ਼ਾਂਤ ਕਰਵਾਇਆ।
ਕਰਨ ਮੁਤਾਬਕ ਇਸੀ ਗੱਲ ਦੀ ਰੰਜਿਸ਼ ’ਚ ਦੇਰ ਰਾਤ ਮੁਲਜ਼ਮ ਉਸਦੇ ਘਰ ਦੇ ਬਾਹਰ ਪਹੁੰਚ ਗਏ ਤੇ ਇੱਟ-ਪੱਥਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਹਮਲਾਵਰਾਂ ਦੇ ਹੱਥਾਂ ’ਚ ਤੇਜ਼ਧਾਰ ਹਥਿਆਰ ਵੀ ਸਨ। ਹਮਲੇ ਦੌਰਾਨ ਘਰ ’ਚ ਮੌਜੂਦ ਉਸਦੀ ਮਾਂ ਨਨਕਾਈ ਦੇਵੀ ਦੇ ਗੰਭੀਰ ਸੱਟਾਂ ਲੱਗ ਗਈਆਂ। ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਸ਼ੁਰੂਆਤੀ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਪਰ ਘਰ ਪਹੁੰਚਣ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ। ਔਰਤ ਦੀ ਮੌਤ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਤੇ ਗੁੱਸੇ ਦਾ ਮਾਹੌਲ ਬਣ ਗਿਆ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਘਟਨਾ ਤੋਂ ਬਾਅਦ ਵੀ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਜਦਕਿ ਮੁਲਜ਼ਮ ਲਗਾਤਾਰ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਇਸ ਦੇ ਵਿਰੋਧ ’ਚ ਪਰਿਵਾਰਕ ਮੈਂਬਰਾਂ ਤੇ ਇਲਾਕੇ ਦੇ ਲੋਕਾਂ ਨੇ ਨਨਕਾਈ ਦੇਵੀ ਦੀ ਲਾਸ਼ 66 ਫੁੱਟੀ ਰੋਡ ’ਤੇ ਰੱਖ ਕੇ ਧਰਨਾ ਲਗਾ ਦਿੱਤਾ।
ਧਰਨੇ ਕਾਰਨ ਸੜਕ ’ਤੇ ਲੰਮਾ ਜਾਮ ਲੱਗ ਗਿਆ ਤੇ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ। ਧਰਨੇ ਦੀ ਸੂਚਨਾ ਮਿਲਦੇ ਹੀ ਏਸੀਪੀ ਸੰਦੀਪ ਚਾਹਲ ਪੁਲਿਸ ਟੀਮ ਨਾਲ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਪੀੜਤ ਪਰਿਵਾਰ ਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰ ਕੇ ਜਲਦੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਲੋਕਾਂ ਨੇ ਧਰਨਾ ਸਮਾਪਤ ਕਰ ਦਿੱਤਾ। ਕਰੀਬ ਇਕ ਘੰਟੇ ਤੱਕ ਜਾਮ ਰਹਿਣ ਤੋਂ ਬਾਅਦ ਪੁਲਿਸ ਨੇ ਆਵਾਜਾਈ ਨੂੰ ਸੁਚਾਰੂ ਕਰਵਾ ਦਿੱਤਾ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੁਲਜ਼ਮਾਂ ਦੀ ਤਲਾਸ਼ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।