ਸੀਐੱਨਜੀ ਬਾਇਓ ਗੈਸ ਪਲਾਂਟ ਧਰਨੇ ’ਤੇ ਬੈਠੇ ਲੋਕ
ਭੋਗਪੁਰ ’ਚ ਨਿੱਜੀ ਸੀਐੱਨਜੀ ਬਾਇਓ ਗੈਸ ਪਲਾਂਟ ਖਿਲਾਫ਼ ਲੋਕਾਂ ਦਾ ਧਰਨਾ, ਆਉਣ ਵਾਲੀਆਂ ਪੀੜ੍ਹੀਆਂ ਲਈ ਘਾਤਕ
Publish Date: Thu, 19 Feb 2026 09:58 PM (IST)
Updated Date: Thu, 19 Feb 2026 10:00 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸਹਿਕਾਰੀ ਖੰਡ ਮਿੱਲ ਭੋਗਪੁਰ ’ਚ ਇਕ ਨਿੱਜੀ ਕੰਪਨੀ ਵੱਲੋਂ ਲਗਾਏ ਜਾ ਰਹੇ ਸੀਐੱਨਜੀ ਬਾਇਓ ਗੈਸ ਪਲਾਂਟ ਨੂੰ ਬੰਦ ਕਰਵਾਉਣ ਲਈ ਤਾਲਮੇਲ ਕਮੇਟੀ ਤੇ 51 ਮੈਂਬਰੀ ਸੰਘਰਸ਼ ਕਮੇਟੀ ਦੇ ਆਗੂ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਾਰੀਆਂ ਸਿਆਸੀ ਪਾਰਟੀਆਂ, ਕਿਸਾਨ ਯੂਨੀਅਨਾਂ ਦੇ ਆਗੂ, ਪਿੰਡਾਂ ਦੀਆਂ ਪੰਚਾਇਤਾਂ, ਮਾਰਕਿਟ ਐਸੋਸੀਏਸ਼ਨ ਭੋਗਪੁਰ ਦੇ ਕਾਰਕੁਨ ਅਤੇ ਹੋਰ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਨੇ ਧਰਨਾ ਦਿੱਤਾ। ਧਰਨਾ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਇਹ ਗੈਸ ਪਲਾਂਟ ਇਲਾਕੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਖਤਰਨਾਕ ਸਾਬਤ ਹੋਵੇਗਾ। ਪਲਾਂਟ ਕਾਰਨ ਮੱਖੀਆਂ ਤੇ ਮੱਛਰਾਂ ਦੀ ਭਰਮਾਰ ਹੋਵੇਗੀ ਤੇ ਬਿਮਾਰੀਆਂ ਫੈਲਣ ਦਾ ਡਰ ਹੈ। ਇਸ ਨਾਲ ਹਵਾ ਤੇ ਪਾਣੀ ਪ੍ਰਦੂਸ਼ਿਤ ਹੋਣ ਦੇ ਵੀ ਸੰਭਾਵਨਾਵਾਂ ਹਨ। ਬੁਲਾਰਿਆਂ ਦਾ ਦਾਅਵਾ ਹੈ ਕਿ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਸਹਿਕਾਰੀ ਖੰਡ ਮਿੱਲ ਤੇ ਗੰਨੇ ਦੀਆਂ ਚੰਗੀਆਂ ਕਿਸਮਾਂ ਦੀ ਖੋਜ ਲਈ ਦਿੱਤੀਆਂ ਸੀ, ਨਾ ਕਿ ਨਿੱਜੀ ਕੰਪਨੀ ਨੂੰ ਬਾਇਓ ਗੈਸ ਪਲਾਂਟ ਲਗਾਉਣ ਲਈ। ਇਸ ਇਲਾਕੇ ਨੂੰ ਗਰੀਨ ਜ਼ੋਨ ਮੰਨਿਆ ਜਾਂਦਾ ਹੈ, ਜਿਸ ਕਾਰਨ ਅਜਿਹੇ ਘਾਤਕ ਪਲਾਂਟ ਨੂੰ ਲਗਾਉਣਾ ਨਿਯਮਾਂ ਖਿਲਾਫ਼ ਹੈ। ਧਰਨਾ ਦੌਰਾਨ ਸਵੇਰੇ ਤੋਂ ਪਲਾਂਟ ਦੇ ਰਸਤਿਆਂ ਤੇ ਟੈਂਟ ਲਗਾ ਕੇ ਲੋਕਾਂ ਨੇ ਪਲਾਂਟ ’ਚ ਜਾਣਾ ਰੋਕ ਦਿੱਤਾ। ਧਰਨਾਕਾਰੀਆਂ ਨੇ ਕਿਹਾ ਕਿ ਜਦ ਤੱਕ ਹਾਈਕੋਰਟ ਦਾ ਫੈਸਲਾ ਨਹੀਂ ਆਉਂਦਾ, ਪਲਾਂਟ ਦਾ ਕੰਮ ਪੂਰਨ ਤੌਰ ’ਤੇ ਬੰਦ ਰਹੇਗਾ। ਧਰਨੇ ’ਚ ਸਥਾਨਕ ਲੋਕਾਂ ਦਾ ਪੂਰਾ ਸਹਿਯੋਗ ਰਿਹਾ, ਜਿਸ ਕਾਰਨ ਸ਼ਹਿਰ ਦੇ ਬਾਜ਼ਾਰ ਬੰਦ ਰਹੇ। ਲੋਕਾਂ ਨਾਲ ਵਿਚਾਰ ਸਾਂਝੇ ਕਰਦਿਆਂ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਹਰ ਸੰਭਵ ਕਾਨੂੰਨੀ ਕਦਮ ਚੁੱਕ ਕੇ ਇਸ ਪਲਾਂਟ ਨੂੰ ਬੰਦ ਕਰਵਾਇਆ ਜਾਵੇਗਾ ਤੇ ਲੋਕਾਂ ਦੀ ਸਿਹਤ ਤੇ ਭਵਿੱਖ ਸੁਰੱਖਿਅਤ ਬਣਾਈ ਜਾਵੇਗੀ। ਪ੍ਰਸ਼ਾਸਨ ਤੇ ਧਰਨਾਕਾਰੀਆਂ ਵਿਚਕਾਰ ਸਮਝੌਤਾ ਹੋਇਆ ਹੈ ਕਿ 5 ਫ਼ਰਵਰੀ ਤੱਕ ਹਾਈਕੋਰਟ ਦੇ ਫੈਸਲੇ ਤੱਕ ਕੰਮ ਰੋਕਿਆ ਜਾਵੇਗਾ, ਜਿਸ ਤੋਂ ਬਾਅਦ ਧਰਨਾ ਮੁਕੰਮਲ ਹੋਇਆ।