ਜੰਨਤ ਐਵੀਨਿਊ ਵਾਸੀਆਂ ਨੇ ਕੋਹਲੀ ਕੋਲ ਰੱਖੀਆਂ ਸਮੱਸਿਆਵਾਂ
ਜੰਨਤ ਐਵਿਨਿਊ ਦੇ ਲੋਕਾਂ ਨੇ ਸੈਂਟਰਲ ਹਲਕਾ ਇੰਚਾਰਜ ਅੱਗੇ ਰੱਖੀਆਂ ਕਾਲੋਨੀ ਦੀਆਂ ਸਮੱਸਿਆਵਾਂ
Publish Date: Fri, 10 Apr 2026 10:47 PM (IST)
Updated Date: Fri, 10 Apr 2026 10:50 PM (IST)

ਪੱਤਰ ਪ੍ਰੇਰਕ, ਪੰਜਾਬੀ ਜਗਰਣ, ਜਲੰਧਰ : ਜੰਨਤ ਐਵੀਨਿਊ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਨੇ ਆਮ ਆਦਮੀ ਪਾਰਟੀ ਦੇ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਨਾਲ ਮੁਲਾਕਾਤ ਕਰਕੇ ਕਾਲੋਨੀ ਨਾਲ ਜੁੜੀਆਂ ਕਈ ਸਮੱਸਿਆਵਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ। ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਕਾਲੋਨੀ ’ਚ ਸੀਵਰੇਜ ਦੀ ਮੇਨ ਲਾਈਨ ਤਾਂ ਪਾ ਦਿੱਤੀ ਗਈ ਹੈ ਪਰ ਨਾਲ ਲੱਗਦੀਆਂ ਗਲੀਆਂ ’ਚ ਅਜੇ ਤੱਕ ਸੀਵਰੇਜ ਦੀ ਸਹੂਲਤ ਨਹੀਂ ਪੁੱਜੀ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪਾਈਪਾਂ ਵਿਛਾਉਣ ਦਾ ਕੰਮ ਵੀ ਜਲਦੀ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਗਈ। ਮੈਂਬਰਾਂ ਨੇ ਇਹ ਵੀ ਮਸਲਾ ਉਠਾਇਆ ਕਿ ਕਾਲੋਨੀ ’ਚ ਪੁਰਾਣੇ ਬਿਜਲੀ ਦੇ ਖੰਭੇ ਲੱਗੇ ਹੋਏ ਹਨ, ਜਿਨ੍ਹਾਂ ਦਰਮਿਆਨ ਦੂਰੀ ਵੱਧ ਹੋਣ ਕਾਰਨ ਤਾਰਾਂ ਢਿੱਲੀਆਂ ਹੋ ਗਈਆਂ ਹਨ। ਤੇਜ਼ ਹਵਾਵਾਂ ਦੌਰਾਨ ਇਹ ਤਾਰਾਂ ਆਪਸ ’ਚ ਟਕਰਾ ਜਾਂਦੀਆਂ ਹਨ, ਜਿਸ ਨਾਲ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਕਾਲੋਨੀ ’ਚ ਨਵੇਂ ਬਿਜਲੀ ਖੰਭੇ ਲਾਉਣ ਦੀ ਮੰਗ ਵੀ ਕੀਤੀ ਗਈ। ਨਿਤਿਨ ਕੋਹਲੀ ਨੇ ਲੋਕਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣਦਿਆਂ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਇਕ ਹਫ਼ਤੇ ਦੇ ਅੰਦਰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਅਸ਼ੋਕ ਕੁਮਾਰ, ਰਾਜਨ ਸ਼ਰਮਾ, ਗੁਰਦੇਵ ਸਿੰਘ, ਜਗਦੀਸ਼ ਸਿੰਘ, ਸੰਜੀਵ ਅਜ਼ਮਾਨ, ਚੰਦਨ ਮਹਿਰਾ, ਅਰੁਣ ਸਵਰਾਜ, ਅਮਨਦੀਪ ਸਿੰਘ ਤੇ ਅੰਕਿਤ ਸ਼ਰਮਾ ਸਮੇਤ ਹੋਰ ਮੈਂਬਰ ਹਾਜ਼ਰ ਸਨ।