ਅਕਾਲੀ ਦਲ ਪੁਨਰ ਸੁਰਜੀਤ ਨੇ ਉਡਾਈ ਵਿਰੋਧੀਆਂ ਦੀ ਨੀਂਦ : ਬਿਨਾਕਾ
ਸਰਨਾ, ਵਲਟੋਹਾ ਤੇ ਬਿੱਟੂ ਵਰਗਿਆਂ ਨੂੰ ਆਪਣੀ ਔਕਾਤ ’ਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ : ਮਹਿੰਦਰ ਪਾਲ ਸਿੰਘ
Publish Date: Tue, 20 Jan 2026 07:46 PM (IST)
Updated Date: Tue, 20 Jan 2026 07:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 2 ਦਸੰਬਰ 2024 ਦੇ ਹੁਕਮਨਾਮਿਆਂ ਤੋਂ ਬਾਅਦ ਪੁਨਰ ਸੁਰਜੀਤ ਹੋਏ ਅਕਾਲੀ ਦਲ ਨੇ ਸਿੱਖ ਕੌਮ ਅੰਦਰ ਤਾਂ ਇਕ ਨਵੀਂ ਉਮੀਦ ਜਗਾਈ ਹੈ ਪਰ ਇਸ ਦੇ ਨਾਲ-ਨਾਲ ਵਿਰੋਧੀਆਂ ਦੀ ਤਕਲੀਫ਼ ’ਚ ਵੀ ਬਹੁਤ ਵਾਧਾ ਹੋਇਆ ਹੈ। ਇਸ ਦਾ ਅੰਦਾਜ਼ਾ ਪਰਮਜੀਤ ਸਿੰਘ ਸਰਨਾ, ਵਿਰਸਾ ਸਿੰਘ ਵਲਟੋਹਾ ਤੇ ਰਵਨੀਤ ਸਿੰਘ ਬਿੱਟੂ ਦੀ ਬੁਖਲਾਹਟ ਤੋਂ ਲਾਇਆ ਜਾ ਸਕਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਹਿੰਦਰ ਪਾਲ ਸਿੰਘ ਬਿਨਾਕਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਜਾਰੀ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਕਾਲੀ ਦਲ ਪੁਨਰ ਸੁਰਜੀਤ ਮਜਬੂਤੀ ਵੱਲ ਵੱਧ ਰਿਹਾ ਹੈ, ਉਸ ਨਾਲ ਪੰਜਾਬ ਪੱਧਰ ’ਤੇ ਵਿਚਰਦੇ ਵਿਰੋਧੀਆਂ ਦੀ ਨੀਂਦ ਉੱਡੀ ਹੀ ਹੋਈ ਹੈ। ਇਸੇ ਲਈ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਕਮਜ਼ੋਰ ਕਰਨ ਲਈ ਪੰਜਾਬ ਤੇ ਕੇਂਦਰ ’ਚ ਰਾਜ ਕਰ ਰਹੀਆਂ ਪਾਰਟੀਆਂ ਦੇ ਹਮਲਿਆਂ ਦੇ ਨਾਲ-ਨਾਲ ਕੁਝ ਆਗੂ ਵੀ ਦੂਸ਼ਣਬਾਜ਼ੀ ਕਰ ਰਹੇ ਹਨ। ਬਿਨਾਕਾ ਨੇ ਕਿਹਾ ਕਿ ਸਰਨਾ ਤੇ ਵਲਟੋਹਾ ਨੂੰ ਇਹ ਭਲੀਭਾਂਤ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਗੀ ਹੋ ਕੇ ਅਕਾਲੀ ਦਲ ਦਾ ਵੱਖਰਾ ਚੁੱਲ੍ਹਾ ਕੌਣ ਬਣਾਈ ਬੈਠਾ ਹੈ। ਫਿਰ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਸਭ ਗੁਨਾਹ ਕਬੂਲ ਕਰਕੇ ਮੁਕਰਨ ਵਾਲਿਆਂ ਨਾਲ ਏਕਤਾ ਕਰਨ ਦੀਆਂ ਬੇਸਿਰ-ਪੈਰ ਸਲਾਹਾਂ ਦੇ ਰਹੇ ਹਨ। ਅਕਾਲੀ ਆਗੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪੰਥਕ ਪਾਰਟੀ ਹੈ, ਜੋ ਪੰਥਕ ਹਿੱਤਾਂ ਦੀ ਰਾਖੀ ਲਈ ਹੋਂਦ ’ਚ ਆਈ ਸੀ। ਪੰਥਕ ਹਿੱਤਾਂ ਨੂੰ ਮੁੱਖ ਰੱਖ ਕੇ ਹੀ ਇਸ ਪਾਰਟੀ ’ਚ ਆਈ ਗਿਰਾਵਟ ਨੂੰ ਸੋਧਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਗਈ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਇਸ ਨੂੰ ਪੁਨਰ ਸੁਰਜੀਤ ਕਰਨ ਦਾ ਆਦੇਸ਼ ਹੋਇਆ ਸੀ। ਉਨ੍ਹਾਂ ਆਦੇਸ਼ਾਂ ਦੀ ਰੋਸ਼ਨੀ ’ਚ ਹੀ ਇਸ ਅਕਾਲੀ ਦਲ ਨੇ ਵਿਚਰਨਾ ਹੈ। ਸਾਡਾ ਮੁੱਖ ਨਿਸ਼ਾਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਨਾ ਹੈ।