ਬਸਤੀ ਗੁਜ਼ਾਂ ’ਚ ਝਪਟਮਾਰੀ ਨਾਕਾਮ, ਇਕ ਕਾਬੂ, ਦੂਜਾ ਫ਼ਰਾਰ
ਲੋਕਾਂ ਨੇ ਪਿੱਛਾ ਕਰਕੇ ਇਕ ਮੁਲਜ਼ਮ ਨੂੰ ਫੜਿਆ
Publish Date: Thu, 19 Mar 2026 06:52 PM (IST)
Updated Date: Thu, 19 Mar 2026 06:55 PM (IST)

-ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮ ਕੀਤਾ ਪੁਲਿਸ ਹਵਾਲੇ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਬਸਤੀ ਗੁਜ਼ਾਂ ਇਲਾਕੇ ’ਚ ਦਿਨ-ਦਿਹਾੜੇ ਲੁੱਟ-ਖੋਹ ਦੀ ਇਕ ਘਟਨਾ ਸਾਹਮਣੇ ਆਈ ਹੈ, ਜਿੱਥੇ ਸਕੂਟਰ ਸਵਾਰ ਦੋ ਨੌਜਵਾਨਾਂ ਨੇ ਇਕ ਔਰਤ ਨੂੰ ਨਿਸ਼ਾਨਾ ਬਣਾ ਕੇ ਵਾਲ਼ੀਆਂ ਖੋਹ ਲਈਆਂ। ਇਸ ਘਟਨਾ ਨਾਲ ਇਲਾਕੇ ’ਚ ਹੰਗਾਮਾ ਹੋ ਗਿਆ ਹਾਲਾਂਕਿ, ਸਥਾਨਕ ਨਿਵਾਸੀਆਂ ਦੀ ਚੌਕਸੀ ਕਾਰਨ ਇਕ ਮੁਲਜ਼ਮ ਨੂੰ ਘਟਨਾ ਸਥਾਨ ਦੇ ਨੇੜਿਓਂ ਫੜ ਲਿਆ ਗਿਆ। ਪੀੜਤ ਬਬੀਤਾ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਸਕੂਲ ਛੱਡਣ ਲਈ ਪੈਦਲ ਜਾ ਰਹੀ ਸੀ। ਉਸੇ ਸਮੇਂ ਸਕੂਟਰ ਸਵਾਰ ਦੋ ਨੌਜਵਾਨ ਜਿਸਦੀ ਕੋਈ ਨੰਬਰ ਪਲੇਟ ਨਹੀਂ ਸੀ, ਉਸ ਕੋਲ ਆਏ ਤੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਤੇ ਮੌਕੇ ਤੋਂ ਭੱਜ ਗਏ। ਔਰਤ ਦੀ ਮਦਦ ਲਈ ਚੀਕਾਂ ਸੁਣ ਕੇ ਨੇੜਲੇ ਨਿਵਾਸੀ ਤੁਰੰਤ ਹਰਕਤ ’ਚ ਆਏ ਤੇ ਮੁਲਜ਼ਮਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਚਸ਼ਮਦੀਦਾਂ ਅਨੁਸਾਰ ਸਥਾਨਕ ਲੋਕਾਂ ਨੇ ਝੰਡੀਆਂ ਵਾਲੇ ਪੀਰ ਦੇ ਨੇੜੇ ਇਕ ਨੌਜਵਾਨ ਨੂੰ ਫੜਨ ’ਚ ਕਾਮਯਾਬੀ ਹਾਸਲ ਕੀਤੀ, ਜਦੋਂ ਕਿ ਉਸਦਾ ਸਾਥੀ ਮੌਕੇ ਤੇ ਭੱਜਣ ’ਚ ਕਾਮਯਾਬ ਹੋ ਗਿਆ। ਗੁੱਸੇ ’ਚ ਆਈ ਭੀੜ ਨੇ ਫੜੇ ਗਏ ਮੁਲਜ਼ਮ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੁੱਛਗਿੱਛ ਦੌਰਾਨ ਫੜੇ ਗਏ ਨੌਜਵਾਨ ਨੇ ਆਪਣੀ ਪਛਾਣ ਰਾਜੂ ਵਾਸੀ ਕਿਸ਼ਨਪੁਰਾ ਵਜੋਂ ਦੱਸੀ। ਉਸਨੇ ਖੁਲਾਸਾ ਕੀਤਾ ਕਿ ਉਸਦਾ ਸਾਥੀ ਕਰਨ ਜੋ ਮੌਕੇ ਤੋਂ ਭੱਜ ਗਿਆ ਸੀ ਵੀ ਇਸ ਅਪਰਾਧ ’ਚ ਸ਼ਾਮਲ ਸੀ। ਮੁਲਜ਼ਮ ਨੇ ਵੀ ਨਸ਼ੇ ਦਾ ਆਦੀ ਹੋਣ ਦੀ ਗੱਲ ਕਬੂਲ ਕੀਤੀ। ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਮੌਕੇ ਤੇ ਪੁੱਜੀ। ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਤੇ ਉਸ ਦਾ ਸਕੂਟਰ ਜ਼ਬਤ ਕਰ ਲਿਆ। ਪੁਲਿਸ ਨੇ ਪੀੜਤ ਦਾ ਬਿਆਨ ਦਰਜ ਕਰ ਲਿਆ ਹੈ ਤੇ ਫਰਾਰ ਸਾਥੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।