ਕੈਂਟ ਦੇ ਕਸਤੂਰਬਾ ਨਗਰ ’ਚ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਲੋਕ ਪਰੇਸ਼ਾਨ
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ
Publish Date: Wed, 15 Apr 2026 11:14 PM (IST)
Updated Date: Wed, 15 Apr 2026 11:18 PM (IST)
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ ਛਾਉਣੀ : ਕੈਂਟ ਦੇ ਕਸਤੂਰਬਾ ਨਗਰ ’ਚ ਕਈ ਦਿਨਾਂ ਤੋਂ ਦੂਸ਼ਿਤ ਪਾਣੀ ਦੀ ਸਪਲਾਈ ਹੋਣ ਕਾਰਨ ਲੋਕਾਂ ’ਚ ਹਾਹਾਕਾਰ ਦੀ ਸਥਿਤੀ ਬਣੀ ਹੋਈ ਹੈ। ਲੋਕਾਂ ਨੂੰ ਪੀਣ ਦਾ ਪਾਣੀ ਜਾਂ ਤਾਂ ਦੂਜੇ ਮੁਹੱਲੇ ਤੋਂ ਲਿਆਉਣਾ ਪੈ ਰਿਹਾ ਹੈ ਜਾਂ ਫਿਰ ਬਾਜ਼ਾਰ ਤੋਂ 20 ਲੀਟਰ ਦੀ ਕੇਨੀ ਜਾਂ ਬੋਤਲਾਂ ਖਰੀਦ ਕੇ ਪੀ ਰਹੇ ਹਨ। ਹਾਲਾਂਕਿ ਕੈਂਟ ਬੋਰਡ ਕਈ ਦਿਨਾਂ ਤੋਂ ਫਾਲਟ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪਿਛਲੇ ਦਿਨਾਂ ਤੱਕ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ।
ਇਸ ਸੰਦਰਭ ਵਿਚ ਕੈਂਟ ਬੋਰਡ ਦੇ ਮੁਲਾਜ਼ਮਾਂ ਨੇ ਕਈ ਥਾਵਾਂ ’ਤੇ ਪੀਸੀਸੀ ਫਲੋਰਿੰਗ ਤੋੜ ਕੇ ਪਾਈਪਾਂ ਦੀ ਜਾਂਚ ਕੀਤੀ ਹੈ ਪਰ ਉਨ੍ਹਾਂ ਨੂੰ ਫਾਲਟ ਨਹੀਂ ਮਿਲਿਆ। ਕਸਤੂਰਬਾ ਨਗਰ ਦੇ ਵਾਸੀਆਂ ਨੇ ਦੱਸਿਆ ਕਿ ਕੈਂਟ ਬੋਰਡ ਇਹ ਕੰਮ ਬਹੁਤ ਹੀ ਹੌਲੀ ਰਫ਼ਤਾਰ ਨਾਲ ਕਰ ਰਿਹਾ ਹੈ। ਜੇ ਉਹ ਗੰਭੀਰਤਾ ਨਾਲ ਧਿਆਨ ਦੇਵੇ ਤਾਂ ਇਹ ਮਾਮਲਾ ਜਲਦੀ ਹੱਲ ਹੋ ਸਕਦਾ ਹੈ।
ਇਸ ਇਲਾਕੇ ਦੀ ਰਹਿਣ ਵਾਲੀ ਅੰਜਲੀ, ਰੁਪਿੰਦਰ ਸਿੰਘ, ਵਿਨੈ ਤੇ ਹੋਰਨਾਂ ਨੇ ਦੱਸਿਆ ਕਿ ਕਈ ਲੋਕਾਂ ਨੂੰ ਦੂਸ਼ਿਤ ਪਾਣੀ ਪੀਣ ਕਾਰਨ ਬਿਮਾਰ ਹੋ ਗਏ ਹਨ ਤੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਕੁਝ ਦਿਨਾਂ ਲਈ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ ਹੈ ਤਾਂ ਜੋ ਉਹ ਦੂਸ਼ਿਤ ਪਾਣੀ ਦਾ ਸ਼ਿਕਾਰ ਨਾ ਹੋਣ। ਇਹ ਵੀ ਦੱਸਿਆ ਗਿਆ ਕਿ ਕਸਤੂਰਬਾ ਨਗਰ ਦੀ ਪਾਈਪ ਬਾਬਾ ਆਦਮ ਦੇ ਜ਼ਮਾਨੇ ਦੀ ਹੈ ਤੇ ਕੈਂਟ ਬੋਰਡ ਨੂੰ ਇਸ ਗੱਲ ਦੀ ਜਾਣਕਾਰੀ ਵੀ ਨਹੀਂ ਹੈ ਕਿ ਕਿਹੜੀ ਪਾਈਪ ਕਿੱਥੇ ਜਾ ਰਹੀ ਹੈ।
ਇਲਾਕਾ ਵਾਸੀ ਅਮਰੀਕ ਸਿੰਘ ਨੇ ਦੱਸਿਆ ਕਿ ਕਈ ਥਾਵਾਂ 'ਤੇ ਸੀਵਰੇਜ ਤੇ ਵਾਟਰ ਸਪਲਾਈ ਦੀਆਂ ਪਾਈਪਆਂ ਇਕੱਠੀਆਂ ਜਾ ਰਹੀਆਂ ਹਨ, ਜਿਸ ਕਾਰਨ ਸੀਵਰੇਜ ਪਾਈਪ ਦਾ ਦੂਸ਼ਿਤ ਪਾਣੀ ਵਾਟਰ ਸਪਲਾਈ ’ਚ ਰਲ਼ ਰਿਹਾ ਹੈ। ਕੈਂਟ ਬੋਰਡ ਦੇ ਸਿਵਲ ਮੈਂਬਰ ਪਨਿਸ਼ ਸ਼ੁਕਲਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਸੰਦਰਭ ’ਚ ਸੀਈਓ ਨਾਲ ਗੱਲ ਕੀਤੀ ਹੈ ਕਿ ਇਸ ਸਮੱਸਿਆ ਨੂੰ ਜਲਦੀ ਹੱਲ ਕੀਤਾ ਜਾਵੇ। ਸੀਈਓ ਓਮਪਾਲ ਸਿੰਘ ਨੇ ਦੱਸਿਆ ਕਿ ਫਾਲਟ ਲੱਭ ਲਿਆ ਗਿਆ ਹੈ ਤੇ ਜਲਦੀ ਹੀ ਇਸ ਮਸਲੇ ਨੂੰ ਸੁਲਝਾ ਦਿੱਤਾ ਜਾਵੇਗਾ।