ਸਾਇਬਰ ਠੱਗਾਂ ਦਾ ਜਾਲ ਲੈ ਰਿਹਾ ਲੋਕਾਂ ਦੀ ਜਾਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਤੇ ਹੁਣ ਇਹ ਸਿਰਫ ਆਰਥਿਕ ਨੁਕਸਾਨ ਤੱਕ ਸੀਮਤ ਨਹੀਂ ਰਹੇ, ਸਗੋਂ ਲੋਕਾਂ ਦੀ ਜਾਨ ’ਤੇ ਬਣ ਆਈ ਹੈ। ਬਸਤੀਆਂ ਇਲਾਕੇ ’ਚ ਡਰਾਈਕਲੀਨਿੰਗ ਦਾ ਕੰਮ ਕਰਨ ਵਾਲੇ ਇਕ ਨੌਜਵਾਨ ਨੇ ਸਾਈਬਰ ਠੱਗੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਜਲੰਧਰ ਦੇ ਲੈਦਰ ਕੰਪਲੈਕਸ ਰੋਡ ਸਥਿਤ ਕਮਲ ਵਿਹਾਰ ਇਲਾਕੇ ਦੇ ਰਹਿਣ ਵਾਲੇ ਪ੍ਰਿੰਸ ਕੁਮਾਰ ਨੇ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਉਹ ਥੋੜ੍ਹੀ ਬਹੁਤ ਕਮਾਈ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਆਪਣਾ ਕੰਮ ਵਧਾਉਣ ਲਈ ਪ੍ਰਿੰਸ ਕੁਮਾਰ ਨੇ ਕਰਜ਼ਾ ਲੈਣ ਦਾ ਫੈਸਲਾ ਕੀਤਾ। ਉਸ ਨੇ ਇੰਟਰਨੈੱਟ ’ਤੇ ਕਿਸੇ ਆਨਲਾਈਨ ਫਾਈਨੈਂਸ ਕੰਪਨੀ ਨਾਲ ਕਰਜ਼ੇ ਲਈ ਸੰਪਰਕ ਕੀਤਾ ਸੀ। ਸ਼ੁਰੂ ’ਚ ਕੰਪਨੀ ਦੇ ਨੁਮਾਇੰਦਿਆਂ ਨੇ ਉਸ ਨੂੰ ਭਰੋਸੇ ’ਚ ਲਿਆ ਤੇ ਦਸਤਾਵੇਜ਼ ਵੀ ਭੇਜੇ। ਇਸ ਮਗਰੋਂ ਪ੍ਰੋਸੈਸਿੰਗ ਫੀਸ, ਫਾਈਲ ਚਾਰਜ ਤੇ ਹੋਰ ਫੀਸਾਂ ਦੇ ਨਾਂ ’ਤੇ ਉਸ ਤੋਂ ਵਾਰ-ਵਾਰ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਪ੍ਰਿੰਸ ਕੁਮਾਰ ਨੇ ਉਮੀਦ ’ਚ ਕਈ ਵਾਰ ਪੈਸੇ ਟ੍ਰਾਂਸਫਰ ਕੀਤੇ ਪਰ ਜਦੋਂ ਕਰਜ਼ਾ ਮਿਲਣ ਦੀ ਵਾਰੀ ਆਈ ਤਾਂ ਠੱਗਾਂ ਨੇ ਫੋਨ ਬੰਦ ਕਰ ਲਏ। ਉਸ ਨੇ ਕਰੀਬ ਸਵਾ ਲੱਖ ਰੁਪਏ ਸਾਈਬਰ ਠੱਗਾਂ ਨੂੰ ਦੇ ਦਿੱਤੇ। ਇਸ ਘਟਨਾ ਤੋਂ ਬਾਅਦ ਉਹ ਮਾਨਸਿਕ ਤਣਾਅ ’ਚ ਰਹਿਣ ਲੱਗ ਪਿਆ। ਪਰਿਵਾਰ ਮੁਤਾਬਕ ਉਹ ਕਾਫ਼ੀ ਪਰੇਸ਼ਾਨ ਰਹਿੰਦਾ ਸੀ ਤੇ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰਦਾ ਸੀ। ਆਖ਼ਰਕਾਰ ਦਸੰਬਰ ਮਹੀਨੇ ’ਚ ਉਸ ਨੇ ਘਰ ਦੀ ਉੱਪਰਲੀ ਮੰਜ਼ਿਲ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਤੋਂ ਪਹਿਲਾਂ ਪ੍ਰਿੰਸ ਨੇ ਇਕ ਵੀਡੀਓ ਤੇ ਇਕ ਨੋਟ ਵੀ ਛੱਡਿਆ ਸੀ, ਜਿਸ ’ਚ ਉਸ ਨੇ ਦੱਸਿਆ ਕਿ ਉਹ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਿਆ ਹੈ ਤੇ ਇਸ ਕਾਰਨ ਮਾਨਸਿਕ ਤੌਰ ’ਤੇ ਟੁੱਟ ਚੁੱਕਾ ਹੈ। ਜਦੋਂ ਪਰਿਵਾਰ ਮੈਂਬਰ ਉਸ ਦੇ ਕਮਰੇ ’ਚ ਗਏ ਤਾਂ ਉਸ ਦੀ ਲਾਸ਼ ਲਟਕਦੀ ਮਿਲੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪੁੱਜੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਬਾਅਦ ’ਚ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਸਾਈਬਰ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਇਹ ਜਲੰਧਰ ’ਚ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਲੋਕ ਸਾਈਬਰ ਠੱਗੀ ਦਾ ਸ਼ਿਕਾਰ ਹੋ ਕੇ ਆਰਥਿਕ ਤੇ ਮਾਨਸਿਕ ਸੰਕਟ ’ਚ ਫਸ ਚੁੱਕੇ ਹਨ।
-------------------------
ਪਹਿਲਾਂ ਵੀ ਹੋਏ ਅਜਿਹੇ ਮਾਮਲੇ
ਅਕਤੂਬਰ ਮਹੀਨੇ ’ਚ ਜਲੰਧਰ ਦੇ ਗੁਲਾਬ ਦੇਵੀ ਰੋਡ ’ਤੇ ਰਹਿਣ ਵਾਲੇ ਅਜੈ ਨੇ ਆਨਲਾਈਨ ਲੋਨ ਐਪ ਰਾਹੀਂ ਛੋਟੀ ਰਕਮ ਦਾ ਕਰਜ਼ਾ ਲੈਣ ਲਈ ਅਪਲਾਈ ਕੀਤਾ। ਬਾਅਦ ’ਚ ਐਪ ਚਲਾਉਣ ਵਾਲਿਆਂ ਨੇ ਉਸਨੂੰ ਵਾਰ-ਵਾਰ ਕਾਲ ਕਰਕੇ ਦਸਤਾਵੇਜ਼ਾਂ ਦੇ ਨਾਮ ’ਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਕਰੀਬ ਇਕ ਲੱਖ ਰੁਪਏ ਲੈਣ ਤੋਂ ਬਾਅਦ ਐਪ ਰਾਹੀਂ ਆਉਣ ਵਾਲੇ ਨੰਬਰ ਬੰਦ ਹੋ ਗਏ। ਪੀੜਤ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਬਚਾਅ ਲਿਆ। ਜਲੰਧਰ ਦੇ ਵਡਾਲਾ ਚੌਕ ਨੇੜੇ ਰਹਿਣ ਵਾਲੇ ਇਕ ਵਪਾਰੀ ਨਾਲ ਆਨਲਾਈਨ ਨਿਵੇਸ਼ ਦੇ ਨਾਮ ’ਤੇ ਕਰੀਬ 25 ਲੱਖ ਰੁਪਏ ਦੀ ਠੱਗੀ ਹੋਈ ਸੀ। ਠੱਗਾਂ ਨੇ ਉਸ ਨੂੰ ਸ਼ੇਅਰ ਬਾਜ਼ਾਰ ਤੇ ਕ੍ਰਿਪਟੋਕਰੰਸੀ ’ਚ ਵੱਡੇ ਮੁਨਾਫੇ ਦਾ ਲਾਲਚ ਦਿੱਤਾ। ਸ਼ੁਰੂ ਵਿਚ ਥੋੜ੍ਹੀ ਰਕਮ ’ਤੇ ਨਕਲੀ ਮੁਨਾਫਾ ਦਿਖਾ ਕੇ ਉਸ ਦਾ ਭਰੋਸਾ ਜਿੱਤ ਲਿਆ ਗਿਆ। ਬਾਅਦ ਵਿਚ ਉਸ ਨੇ ਵੱਡੀ ਰਕਮ ਨਿਵੇਸ਼ ਕਰ ਦਿੱਤੀ ਪਰ ਕੁਝ ਦਿਨਾਂ ਬਾਅਦ ਵੈੱਬਸਾਈਟ ਤੇ ਸੰਪਰਕ ਨੰਬਰ ਬੰਦ ਹੋ ਗਏ।
-------------------------
ਜਦ ਤੱਕ ਪੈਸੇ ਨਾ ਮਿਲਣ, ਉਦੋਂ ਤੱਕ ਭਰੋਸੇ ’ਚ ਰੱਖਦੇ ਹਨ
ਸਾਈਬਰ ਠੱਗ ਗੱਲ ਕਰਨ ’ਚ ਬਹੁਤ ਮਾਹਿਰ ਤੇ ਪੜ੍ਹੇ-ਲਿਖੇ ਹੁੰਦੇ ਹਨ। ਪ੍ਰਿੰਸ ਨੂੰ ਜਿਸ ਨੰਬਰ ਤੋਂ ਫੋਨ ਆਇਆ ਉਹ ਅੰਗਰੇਜ਼ੀ ’ਚ ਇਸ ਤਰ੍ਹਾਂ ਗੱਲ ਕਰਦਾ ਸੀ ਜਿਵੇਂ ਕਿਸੇ ਵੱਡੀ ਕੰਪਨੀ ’ਚ ਕੰਮ ਕਰਦਾ ਹੋਵੇ। ਜਦ ਤੱਕ ਪੈਸੇ ਆਨਲਾਈਨ ਟ੍ਰਾਂਸਫਰ ਨਾ ਹੋ ਜਾਣ, ਠੱਗ ਇੰਨਾ ਭਰੋਸਾ ਬਣਾਉਂਦੇ ਹਨ ਕਿ ਸ਼ਿਕਾਰ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਸਦੇ ਨਾਲ ਠੱਗੀ ਹੋ ਰਹੀ ਹੈ।
---------------------------
ਸਾਈਬਰ ਠੱਗ ਹੁਣ ਲੋਕਾਂ ਦੀ ਮਨੋਵਿਰਤੀ ਨੂੰ ਸਮਝ ਕੇ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਇਜ਼ੀ ਲੋਨ, ਨਿਵੇਸ਼, ਨੌਕਰੀ ਜਾਂ ਸਰਕਾਰੀ ਕਾਰਵਾਈ ਦੇ ਡਰ ਦੀ ਵਰਤੋਂ ਕਰਕੇ ਲੋਕਾਂ ਨੂੰ ਆਪਣੇ ਜਾਲ ’ਚ ਫਸਾਇਆ ਜਾਂਦਾ ਹੈ। ਕਈ ਵਾਰ ਲੋਕ ਸ਼ਰਮ ਜਾਂ ਡਰ ਕਾਰਨ ਸਮੇਂ ’ਤੇ ਸ਼ਿਕਾਇਤ ਵੀ ਨਹੀਂ ਕਰਦੇ, ਜਿਸ ਨਾਲ ਠੱਗਾਂ ਦਾ ਹੌਸਲਾ ਹੋਰ ਵੱਧ ਜਾਂਦਾ ਹੈ। ਅਜਿਹੇ ਮਾਮਲਿਆਂ ਤੋਂ ਬਚਣ ਲਈ ਕੁਝ ਸਾਵਧਾਨੀਆਂ ਬਹੁਤ ਜ਼ਰੂਰੀ ਹਨ। ਸਭ ਤੋਂ ਪਹਿਲਾਂ ਕਿਸੇ ਵੀ ਅਣਜਾਣ ਲਿੰਕ ਜਾਂ ਐਪ ਰਾਹੀਂ ਲੋਨ ਲੈਣ ਤੋਂ ਬਚਣਾ ਚਾਹੀਦਾ ਹੈ। ਕਿਸੇ ਵੀ ਫਾਈਨੈਂਸ ਕੰਪਨੀ ਦੀ ਭਰੋਸੇਯੋਗਤਾ ਦੀ ਜਾਂਚ ਜ਼ਰੂਰ ਕਰੋ। ਜੇ ਕੋਈ ਕੰਪਨੀ ਲੋਨ ਦੇਣ ਤੋਂ ਪਹਿਲਾਂ ਵਾਰ-ਵਾਰ ਪ੍ਰੋਸੈਸਿੰਗ ਫੀਸ ਜਾਂ ਹੋਰ ਚਾਰਜ ਮੰਗਦੀ ਹੈ ਤਾਂ ਸਾਵਧਾਨ ਹੋ ਜਾਓ। ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਕਦੇ ਵੀ ਆਪਣੀਆਂ ਬੈਂਕ ਡੀਟੇਲ, ਓਟੀਪੀ ਜਾਂ ਨਿੱਜੀ ਜਾਣਕਾਰੀ ਕਿਸੇ ਅਣਪਛਾਤੇ ਵਿਅਕਤੀ ਨਾਲ ਸਾਂਝੀ ਨਾ ਕਰੋ। ਜੇ ਕੋਈ ਆਪਣੇ-ਆਪ ਨੂੰ ਪੁਲਿਸ ਜਾਂ ਸਰਕਾਰੀ ਅਧਿਕਾਰੀ ਦੱਸ ਕੇ ਪੈਸੇ ਮੰਗਦਾ ਹੈ ਤਾਂ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਾਇਬਰ ਹੈਲਪਲਾਈਨ ਨਾਲ ਸੰਪਰਕ ਕਰੋ।
ਪਲਵਿੰਦਰ ਸਿੰਘ, ਸਾਇਬਰ ਐਕਸਪਰਟ
------------------------
ਸਰਕਾਰ ਨੇ ਸਾਈਬਰ ਅਪਰਾਧ ਦੀ ਸ਼ਿਕਾਇਤ ਲਈ 1930 ਹੈਲਪਲਾਈਨ ਨੰਬਰ ਤੇ ਰਾਸ਼ਟਰੀ ਸਾਈਬਰ ਕ੍ਰਾਈਮ ਪੋਰਟਲ ਵੀ ਸ਼ੁਰੂ ਕੀਤਾ ਹੈ, ਜਿੱਥੇ ਤੁਰੰਤ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਸਮੇਂ ’ਤੇ ਸ਼ਿਕਾਇਤ ਕਰਨ ਨਾਲ ਕਈ ਮਾਮਲਿਆਂ ’ਚ ਪੈਸੇ ਵੀ ਵਾਪਸ ਮਿਲ ਸਕਦੇ ਹਨ। ਜਾਗਰੂਕ ਰਹੋ ਤੇ ਕਿਸੇ ਵੀ ਸ਼ੱਕੀ ਕਾਲ ਜਾਂ ਮੈਸੇਜ ਦੇ ਝਾਂਸੇ ’ਚ ਨਾ ਆਓ। ਸਾਈਬਰ ਅਪਰਾਧ ਤੋਂ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਜਾਗਰੂਕਤਾ ਹੀ ਹੈ।
ਧਨਪ੍ਰੀਤ ਕੌਰ, ਪੁਲਿਸ ਕਮਿਸ਼ਨਰ