ਵਾਰਡ-22 ’ਚ ਗੰਦਗੀ ਕਾਰਨ ਲੋਕ ਪਰੇਸ਼ਾਨ
ਜਲੰਧਰ ਦੇ ਵਾਰਡ ਨੰਬਰ 22 ’ਚ ਗੰਦਗੀ ਕਾਰਨ ਲੋਕ ਪ੍ਰੇਸ਼ਾਨ
Publish Date: Thu, 26 Feb 2026 08:56 PM (IST)
Updated Date: Thu, 26 Feb 2026 08:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੇ ਵਾਰਡ ਨੰਬਰ 22 ਅਧੀਨ ਮਹਾਰਾਜਾ ਰਣਜੀਤ ਸਿੰਘ ਐਵੀਨਿਊ ਤੋਂ ਰਾਮ ਵਿਹਾਰ ਨੂੰ ਜਾਣ ਵਾਲੀ ਮੁੱਖ ਸੜਕ ਦੀ ਹਾਲਤ ਕਾਫ਼ੀ ਖ਼ਰਾਬ ਹੋਣ ਕਾਰਨ ਇਲਾਕਾ ਵਾਸੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਥਾਂ-ਥਾਂ ਕੂੜੇ ਦੇ ਢੇਰ, ਡਿਵਾਈਡਰਾਂ ’ਤੇ ਉੱਗੀ ਘਾਹ-ਬੂਟੀ ਤੇ ਡਿੱਗੇ ਪਏ ਖੰਭੇ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਹੇ ਹਨ। ਸਥਾਨਕ ਲੋਕਾਂ ਅਨੁਸਾਰ ਕੂੜਾ ਕਈ ਮਹੀਨਿਆਂ ਤੋਂ ਨਹੀਂ ਚੁੱਕਿਆ ਗਿਆ। ਜਲੰਧਰ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਫੇਸਬੁੱਕ ਲਾਈਵ ਰਾਹੀਂ ਨਗਰ ਨਿਗਮ ਦੇ ਕਮਿਸ਼ਨਰ ਤੇ ਮੇਅਰ ਕੋਲ ਮੰਗ ਕੀਤੀ ਕਿ ਸੜਕ ਦੀ ਤੁਰੰਤ ਸਫਾਈ ਕਰਵਾਈ ਜਾਵੇ ਤੇ ਇਲਾਕੇ ’ਚ ਮੁੱਢਲੀਆਂ ਸਹੂਲਤਾਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਟੈਕਸ ਭਰਨ ਦੇ ਬਾਵਜੂਦ ਨਿਵਾਸੀਆਂ ਨੂੰ ਸੀਵਰੇਜ ਤੇ ਸਫਾਈ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਮੌਕੇ ਵਾਰਡ ਇੰਚਾਰਜ ਸੁਰਿੰਦਰ ਸਿੰਘ ਪੱਪਾ, ਰਾਹੁਲ ਕੁਮਾਰ ਤੇ ਸਰਬਜੋਤ ਸਿੰਘ ਵੀ ਮੌਜੂਦ ਸਨ।