ਪੁਲਿਸ ਡੀਏਵੀ ਕਾਲਜ ਦੀ ਪ੍ਰਿੰਸੀਪਲ ਦਾ ਫੋਨ ਹੈਕ, 65 ਹਜ਼ਾਰ ਠੱਗਣ ਦੀ ਕੋਸ਼ਿਸ਼
ਪੁਲਿਸ ਡੀਏਵੀ ਕਾਲਜ ਦੀ ਪ੍ਰਿੰਸੀਪਲ ਰਸ਼ਮੀ ਵਿਜ ਦਾ ਫ਼ੋਨ ਹੈਕ ਕਰਕੇ ਹੈਕਰ ਨੇ ਕੀਤੀ 65,000 ਰੁਪਏ ਦੀ ਸਹਾਇਤਾ ਦੀ ਮੰਗ
Publish Date: Sat, 28 Mar 2026 08:07 PM (IST)
Updated Date: Sat, 28 Mar 2026 08:08 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਡਾ. ਰਸ਼ਮੀ ਵਿੱਜ ਸਾਈਬਰ ਅਪਰਾਧੀਆਂ ਨੇ ਮੋਬਾਈਲ ਫੋਨ ਹੈਕ ਕਰ ਲਿਆ ਹੈ ਤੇ ਉਨ੍ਹਾਂ ਦੀ ਸੰਪਰਕ ਸੂਚੀ ਵਿਚਲੇ ਲੋਕਾਂ ਕੋਲੋਂ ਪੈਸਿਆਂ ਦੀ ਮੰਗ ਕਰ ਰਹੇ ਹਨ। ਜਾਣਕਾਰੀ ਅਨੁਸਾਰ ਹੈਕਰ ਪ੍ਰਿੰਸੀਪਲ ਦੇ ਵ੍ਹਟਸਐਪ ਤੇ ਹੋਰ ਸੰਚਾਰ ਚੈਨਲਾਂ ਦੀ ਵਰਤੋਂ ਆਪਣੇ ਜਾਣਕਾਰਾਂ ਨੂੰ ਸੁਨੇਹੇ ਭੇਜਣ ਲਈ ਕਰ ਰਿਹਾ ਹੈ। ਸੁਨੇਹਿਆਂ ’ਚ ਲਿਖਿਆ ਸੀ ਕਿ ਮੇਰਾ ਯੂਪੀ ਆਈ ਕੰਮ ਨਹੀਂ ਕਰ ਰਿਹਾ ਹੈ ਤੇ ਭੁਗਤਾਨ ਕਰਨ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਰਪਾ ਕਰਕੇ ਹੁਣੇ ਮੇਰੀ ਮਦਦ ਕਰੋ। ਇਹ ਰਕਮ ਦੋ ਘੰਟਿਆਂ ਦੇ ਅੰਦਰ ਵਾਪਸ ਕਰ ਦਿੱਤੀ ਜਾਵੇਗੀ।
ਇਸ ਧੋਖਾਧੜੀ ਵਾਲੀ ਗਤੀਵਿਧੀ ਦੇ ਸਕ੍ਰੀਨਸ਼ਾਟ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਜਿਵੇਂ ਹੀ ਪ੍ਰਿੰਸੀਪਲ ਡਾ. ਰਸ਼ਮੀ ਵਿੱਜ ਤੇ ਸਕੂਲ ਪ੍ਰਬੰਧਨ ਨੂੰ ਇਸ ਸਾਈਬਰ ਹਮਲੇ ਬਾਰੇ ਪਤਾ ਲੱਗਾ ਉਵੇਂ ਹੀ ਮਾਪਿਆਂ, ਅਧਿਆਪਕਾਂ ਤੇ ਜਾਣੂਆਂ ਨੂੰ ਇਕ ਚਿਤਾਵਨੀ ਜਾਰੀ ਕੀਤੀ ਹੈ ਕਿ ਉਹ ਅਜਿਹੇ ਕਿਸੇ ਵੀ ਸ਼ੱਕੀ ਸੰਦੇਸ਼ ਦੇ ਜਾਲ ’ਚ ਨਾ ਫਸਣ ਤੇ ਕਿਸੇ ਵੀ ਫੰਡ ਨੂੰ ਟ੍ਰਾਂਸਫਰ ਕਰਨ ਤੋਂ ਗੁਰੇਜ਼ ਕਰਨ। ਸਬੰਧਤ ਅਧਿਕਾਰੀਆਂ ਤੇ ਸਾਈਬਰ ਸੈੱਲ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਾਈਬਰ ਮਾਹਿਰਾਂ ਦਾ ਕਹਿਣਾ ਹੈ ਕਿ ਧੋਖਾਧੜੀ ਕਰਨ ਵਾਲੇ ਅਕਸਰ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਨਾਵਾਂ ਦੀ ਵਰਤੋਂ ਕਰਕੇ ਲੋਕਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਦੇ ਹਨ। ਉਨ੍ਹਾਂ ਨੇ ਸਲਾਹ ਦਿੱਤੀ ਹੈ ਕਿ ਜੇਕਰ ਕੋਈ ਜਾਣਕਾਰ ਅਚਾਨਕ ਪੈਸੇ ਦੀ ਬੇਨਤੀ ਕਰਦਾ ਹੈ, ਤਾਂ ਕੋਈ ਵੀ ਭੁਗਤਾਨ ਕਰਨ ਤੋਂ ਪਹਿਲਾਂ ਫ਼ੋਨ ਕਾਲ ਰਾਹੀਂ ਬੇਨਤੀ ਦੀ ਪੁਸ਼ਟੀ ਕਰਨੀ ਚਾਹੀਦੀ ਹੈ।