ਖ਼ਾਲਿਦ ਤੇ ਇਮਾਮ ਨੂੰ ਨਿਆਂ ਲਈ ਆਵਾਜ਼ ਬੁਲੰਦ ਕਰਨ ਦੀ ਮੰਗ
ਉਮਰ ਖ਼ਾਲਿਦ ਤੇ ਸ਼ਰਜੀਲ ਇਮਾਮ ਨੂੰ ਨਿਆਂ ਲਈ ਆਵਾਜ਼ ਬੁਲੰਦ ਕਰੋ ਦੇਸ਼ ਭਗਤ ਕਮੇਟੀ
Publish Date: Tue, 06 Jan 2026 06:58 PM (IST)
Updated Date: Tue, 06 Jan 2026 06:59 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ ਤੇ ਆਜ਼ਾਦੀ ਸੰਗਰਾਮ ਨਾਲ ਜੁੜੀਆਂ ਲਹਿਰਾਂ ਦਾ ਇਤਿਹਾਸ ਸਾਨੂੰ ਬਾਰ ਬਾਰ ਇਹ ਸੁਨੇਹਾ ਦਿੰਦਾ ਹੈ ਕਿ ਉਸਦੇ ਸੰਗਰਾਮੀਆਂ ਨੇ ਅਥਾਹ ਕੁਰਬਾਨੀਆਂ ਕਰਕੇ ਜਿਸ ਤਰ੍ਹਾਂ ਦਾ ਜਮਹੂਰੀ ਨਿਆਂਸ਼ੀਲ ਰਾਜ ਤੇ ਸਮਾਜ ਸਿਰਜਣ ਦਾ ਪੈਗ਼ਾਮ ਦਿੱਤਾ ਸੀ ਇਹ ਉਹ ਸਾਜ਼ਗਾਰ ਵਾਤਾਵਰਣ ਤਾਂ ਨਹੀਂ ਸਗੋਂ ਉਲਟਾ ਸਾਨੂੰ ਮੌਜ਼ੂਦਾ ਸਿਸਟਮ ਵੱਲੋਂ 1947 ਤੋਂ ਪਹਿਲਾਂ ਨਾਲੋਂ ਵੀ ਕਿਤੇ ਗੂਹੜੇ ਤੇ ਗਾਹੜੇ ਹਨੇਰੇ ਨਾਲ਼ ਭਰੀ ਬੰਦ ਗੁਫ਼ਾ ਵੱਲ ਧੂਹਿਆ ਜਾ ਰਿਹਾ ਹੈ। ਇਸਦਾ ਜੱਗ ਜ਼ਾਹਰਾ ਪ੍ਰਮਾਣ ਹੈ ਓਮਰ ਖ਼ਾਲਿਦ ਤੇ ਸ਼ਰਜੀਲ ਨੂੰ ਜ਼ਮਾਨਤ ਨਾ ਦੇਣ ਦਾ ਸਿਰੇ ਦਾ ਅਨਿਆਂ ਭਰਿਆ ਫੈਸਲਾ ਕਰਨਾ ਹੈ। ਇਹ ਟਿੱਪਣੀ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਿਹਾ ਹੈ ਕਿ ਰਹਿੰਦੀ ਖੂੰਹਦੀ ਕਸਰ ਇਕ ਸਾਲ ਤੱਕ ਜ਼ਮਾਨਤ ਲਈ ਅਪੀਲ ਕਰਨ ਉਪਰ ਵੀ ਪਾਬੰਦੀ ਮੜ੍ਹਨ ਦੀਆਂ ਸ਼ਰਤਾਂ ਠੋਕ ਕੇ ਪੂਰੀ ਕਰ ਦਿੱਤੀ ਗਈ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਲਿਖ਼ਤੀ ਬਿਆਨ ’ਚ ਕਿਹਾ ਹੈ ਕਿ ਇਹ ਅਮਲਦਾਰੀ ਮੋਦੀ ਹਕੂਮਤ ਵੱਲੋਂ ਸਾਡੇ ਪਿਆਰੇ ਵਤਨ ਦੀ ਆਜ਼ਾਦੀ ਲਈ ਲੜੀ ਸਾਂਝੀ ਜੱਦੋ-ਜਹਿਦ ਤੇ ਲਹੂ ਵੀਟਵੇਂ ਸੰਗਰਾਮ ਨਾਲ਼ ਸਿਰਜੀ ਸਾਂਝੀ ਵਿਰਾਸਤ ਦੀ ਪਰੰਪਰਾ ਨੂੰ ਬੁਲੰਦ ਕਰਨ ਦੀ ਬਜਾਏ ਉਸਨੂੰ ਖਤਮ ਕਰਨ ਦਾ ਰਾਹ ਫੜਨਾ ਹੈ। ਕਮੇਟੀ ਨੇ ਕਿਹਾ ਕਿ ਦੁਨੀਆਂ ਨੇ ਸ਼ਰੇਆਮ ਦੰਗੇ ਭੜਕਾਉਣ ਵਾਲੇ ਅਨਸਰਾਂ ਨੂੰ ਹਿੱਕਾਂ ਥਾਪੜਦੇ ਦੇਖਿਆ ਹੈ ਉਹ ਸਾਰੇ ਸੱਤਾ ਦਾ ਆਨੰਦ ਮਾਣ ਰਹੇ ਹਨ, ਸਮਾਜ ’ਚ ਨਫ਼ਰਤ ਦੀ ਖੇਤੀ ਕਰਨ ਵਾਲੇ ਤੇ ਬਲਾਤਕਾਰੀਆਂ ਨੂੰ ਜੇਲ੍ਹਾਂ ਤੋਂ ਛੋਟ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਇਹ ਕਿੱਥੋਂ ਦਾ ਇਨਸਾਫ਼ ਹੈ? ਦੇਸ਼ ਭਗਤ ਯਾਦਗਾਰ ਕਮੇਟੀ ਨੇ ਪੰਜਾਬ ਤੇ ਦੇਸ਼-ਵਿਦੇਸ਼ ਵੱਸਦੇ ਪੰਜਾਬੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਓਮਰ ਖ਼ਾਲਿਦ ਤੇ ਸ਼ਰਜੀਲ ਨੂੰ ਇਨਸਾਫ਼ ਦਿਵਾਉਣ ਲਈ ਜ਼ੋਰਦਾਰ ਆਵਾਜ਼ ਬੁਲੰਦ ਕਰਨ।