ਮੌਸਮ ’ਚ ਤਬਦੀਲੀ ਕਾਰਨ

ਮੌਸਮ ’ਚ ਤਬਦੀਲੀ ਕਾਰਨ ਸਰਗਰਮ ਹੋਇਆ ਵਾਇਰਲ
ਜਾਸ, ਜਲੰਧਰ
ਮੌਸਮ ’ਚ ਤਬਦੀਲੀ ਕਾਰਨ ਪਿਛਲੇ ਇਕ ਹਫਤੇ ’ਚ ਨਜ਼ਲਾ, ਜ਼ੁਕਾਮ ਤੇ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ’ਚ 30 ਫ਼ੀਸਦੀ ਦੇ ਕਰੀਬ ਵਾਧਾ ਦਰਜ ਕੀਤਾ ਗਿਆ ਹੈ। ਤਾਪਮਾਨ ਦੇ ਪਾਰਾ ਚੜ੍ਹਨ ਨਾਲ ਹੀ ਵਾਇਰਲ ਵੀ ਸਰਗਰਮ ਹੋਣ ਲੱਗਾ ਹੈ। ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ’ਚ ਬੁਖਾਰ, ਸਰੀਰ ਦਰਦ, ਨਜ਼ਲਾ, ਜ਼ੁਕਾਮ, ਖਾਂਸੀ ਤੇ ਗਲੇ ’ਚ ਖਰਾਸ ਦੇ ਲੱਛਣ ਵਾਲੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਸਿਵਲ ਹਸਪਤਾਲ ਪ੍ਰਸ਼ਾਸਨ ਨੇ ਮਰੀਜ਼ਾਂ ਲਈ ਦਵਾਈਆਂ ਦੇ ਢੁੱਕਵੇਂ ਪ੍ਰਬੰਧ ਕਰ ਦਿੱਤੇ ਹਨ।
ਡਾਕਟਰਾਂ ਦਾ ਮੰਨਣਾ ਹੈ ਕਿ ਮੌਸਮ ’ਚ ਹੋ ਰਹੀ ਤਬਦੀਲੀ ਕਾਰਨ ਵਾਇਰਲ ਇਨਫੈਕਸ਼ਨ ਦੇ ਮਾਮਲਿਆਂ ’ਚ ਵਾਧਾ ਹੋਣਾ ਆਮ ਗੱਲ ਹੈ ਪਰ ਸਮੇਂ 'ਤੇ ਇਲਾਜ ਅਤੇ ਸਾਵਧਾਨੀ ਨਾਲ ਇਸਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜੇ ਲੋਕ ਜਾਗਰੂਕ ਰਹਿਣ ਤੇ ਬਚਾਅ ਦੇ ਉਪਾਅ ਅਪਣਾਉਣ ਤਾਂ ਇਨਫੈਕਸ਼ਨ ਫੈਲਣ ਤੋਂ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਸਿਵਲ ਹਸਪਤਾਲ ਦੀ ਐੱਮਐੱਸ ਡਾ. ਨਮਿਤ ਘਈ ਦਾ ਕਹਿਣਾ ਹੈ ਕਿ ਹਸਪਤਾਲ ’ਚ ਵਾਇਰਲ ਇਨਫੈਕਸ਼ਨ ਦੇ ਮਰੀਜ਼ਾਂ ਦੇ ਇਲਾਜ ’ਚ ਵਰਤਣ ਵਾਲੀਆਂ ਦਵਾਈਆਂ ਦਾ ਢੁੱਕਵਾਂ ਸਟਾਕ ਹੈ।
---
ਬਦਲਦੇ ਮੌਸਮ ’ਚ ਰੋਗ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ : ਡਾ. ਭਾਟੀਆ
ਆਈਐੱਮਏ ਦੇ ਪ੍ਰਧਾਨ ਤੇ ਗਲੋਬਲ ਹਸਪਤਾਲ ਦੇ ਡਾਇਰੈਕਟਰ ਡਾ. ਧੀਰਜ ਭਾਟੀਆ ਦੱਸਦੇ ਹਨ ਕਿ ਮੌਸਮ ’ਚ ਤਬਦੀਲੀ ਜਿਵੇਂ ਕਿ ਸਰਦੀ ਦੀ ਸ਼ੁਰੂਆਤ ਤੇ ਗਰਮੀ ਦੇ ਸੀਜ਼ਨ ਦੀ ਸ਼ੁਰੂਆਤ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਵਾਉਂਦਾ ਹੈ। ਪਿਛਲੇ ਕੁਝ ਦਿਨਾਂ ਤੋਂ ਦਿਨ ’ਚ ਧੁੱਪ ਤੇ ਸਵੇਰੇ-ਸ਼ਾਮ ਹਲਕੀ ਠੰਢ ਦਾ ਅਸਰ ਵੇਖਿਆ ਜਾ ਰਿਹਾ ਹੈ। ਤਾਪਮਾਨ ’ਚ ਇਹ ਅਚਾਨਕ ਤਬਦੀਲੀ ਕਾਰਨ ਸਰੀਰ ਦਾ ਤਾਪਮਾਨ ਐਡਜਸਟ ਨਹੀਂ ਹੁੰਦਾ, ਜਿਸ ਨਾਲ ਵਾਇਰਲ ਇਨਫੈਕਸ਼ਨ ਵਧਦਾ ਹੈ। ਬਦਲਦੇ ਮੌਸਮ ’ਚ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ, ਜਿਸ ਨਾਲ ਠੰਢ, ਖੰਘ ਤੇ ਬੁਖਾਰ ਵਰਗੀਆਂ ਸਮੱਸਿਆਵਾਂ ਤੇਜ਼ੀ ਨਾਲ ਫੈਲਦੀਆਂ ਹਨ। ਪਿਛਲੇ ਕਰੀਬ ਇਕ ਹਫਤੇ ਤੋਂ ਨਜ਼ਲਾ, ਜ਼ੁਕਾਮ, ਬੁਖਾਰ, ਖੰਘ ਤੇ ਸਰੀਰ ਦਰਦ ਦੇ ਮਰੀਜ਼ਾਂ ’ਚ 25 ਤੋਂ 30 ਫ਼ੀਸਦੀ ਵਾਧਾ ਹੋਇਆ ਹੈ।
---
ਹਸਪਤਾਲਾਂ ’ਚ ਵਧੀ ਭੀੜ
ਸਿਵਲ ਹਸਪਤਾਲ ਦੇ ਮੈਡੀਕਲ ਸਪੈਸ਼ਲਿਸਟ ਡਾ. ਤਰਸੇਮ ਲਾਲ ਕਹਿੰਦੇ ਹਨ ਕਿ ਹਸਪਤਾਲ ਦੀ ਓਪੀਡੀ ’ਚ ਪਿਛਲੇ ਹਫਤੇ ਹਰ ਰੋਜ਼ 10 ਤੋਂ 15 ਮਰੀਜ਼ ਨਜ਼ਲਾ, ਜ਼ੁਕਾਮ, ਖੰਘ ਤੇ ਬੁਖਾਰ ਦੇ ਇਲਾਜ ਲਈ ਆ ਰਹੇ ਸਨ। ਇਸ ਹਫਤੇ ਇਹ ਗਿਣਤੀ 20 ਤੋਂ 25 ਤੱਕ ਪੁੱਜ ਗਈ ਹੈ। ਉਹ ਦੱਸਦੇ ਹਨ ਕਿ ਠੰਢ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ। ਲੋਕਾਂ ਨੇ ਪਹਿਲਾਂ ਹੀ ਗਰਮ ਕੱਪੜੇ ਪਾਉਣੇ ਬੰਦ ਕਰ ਦਿੱਤੇ ਹਨ। ਦਿਨ ’ਚ ਗਰਮੀ ਕਾਰਨ ਪਸੀਨਾ ਆਉਣ ਲੱਗਾ ਹੈ ਤੇ ਸਵੇਰੇ-ਸ਼ਾਮ ਠੰਢ ਹੈ। ਇਸ ਦੌਰਾਨ ਸਰੀਰ ਐਡਜਸਟ ਨਹੀਂ ਕਰ ਪਾਉਂਦਾ। ਇਸ ਤੋਂ ਇਲਾਵਾ, ਤਾਪਮਾਨ ’ਚ ਤਬਦੀਲੀ ਕਾਰਨ ਹਵਾ ’ਚ ਪ੍ਰਦੂਸ਼ਿਤ ਕਣ ਵੀ ਲੋਕਾਂ ਨੂੰ ਬਿਮਾਰੀਆਂ ਦਾ ਸ਼ਿਕਾਰ ਬਣਾ ਰਹੇ ਹਨ। ਬੱਚਿਆਂ ਤੇ ਬੁਜ਼ੁਰਗਾਂ ਵਿਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ।
---
ਮਾਡਲ ਹਾਊਸ ਤੋਂ ਸਿਵਲ ਹਸਪਤਾਲ ’ਚ ਇਲਾਜ ਕਰਵਾਉਣ ਪੁੱਜੇ ਰਾਜੇਸ਼ ਕੁਮਾਰ, ਜੋ ਪਿਛਲੇ ਤਿੰਨ ਦਿਨਾਂ ਤੋਂ ਬੁਖਾਰ ਤੇ ਗਲੇ ਵਿਚ ਖਰਾਸ਼ ਤੋਂ ਪਰੇਸ਼ਾਨ ਹਨ, ਨੇ ਦੱਸਿਆ ਕਿ ਪਹਿਲਾਂ ਹਲਕੀ ਠੰਢ ਜਿਹੀ ਲੱਗੀ ਸੀ ਪਰ ਹੁਣ ਤੇਜ਼ ਬੁਖਾਰ ਤੇ ਸਰੀਰ ’ਚ ਦਰਦਾਂ ਵੀ ਸ਼ੁਰੂ ਹੋ ਗਈ ਹੈ। ਡਾਕਟਰ ਨੇ ਛੁੱਟੀ ਤੇ ਦਵਾਈਆਂ ਲੈਣ ਦੀ ਸਲਾਹ ਦਿੱਤੀ ਹੈ। ਉਹ ਹਰ ਰੋਜ਼ ਲੁਧਿਆਣਾ ਕੰਮ ’ਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੈਕਟ ਲਾਹ ਦਿੱਤੀ ਸੀ ਤੇ ਸ਼ਰਟ ਪਾ ਕੇ ਜਾਂਦੇ ਸਨ।
ਦੋਆਬਾ ਹਸਪਤਾਲ ’ਚ ਬੱਚੇ ਦਾ ਇਲਾਜ ਕਰਵਾਉਣ ਪੁੱਜੀ ਸੁਰਾਜਗੰਜ ਮੁਹੱਲੇ ਦੀ ਰਹਿਣ ਵਾਲੀ ਸੰਤੋਸ਼ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਉਨ੍ਹਾਂ ਦੇ 9 ਸਾਲ ਦੇ ਬੱਚੇ ਨੂੰ ਖੰਘ ਤੇ ਜ਼ੁਕਾਮ ਦੀ ਸ਼ਿਕਾਇਤ ਹੈ। ਪੁੱਤਰ ਨੇ ਦੱਸਿਆ ਕਿ ਕਲਾਸ ’ਚ ਕਈ ਬੱਚਿਆਂ ’ਚ ਇਸ ਤਰ੍ਹਾਂ ਦੇ ਲੱਛਣ ਸਾਹਮਣੇ ਆਏ ਹਨ। ਡਾਕਟਰ ਨੇ ਵਾਇਰਲ ਇਨਫੈਕਸ਼ਨ ਦੱਸਿਆ ਹੈ ਤੇ ਐਂਟੀ ਐਲਰਜੀ ਅਤੇ ਖੰਘ ਦੀ ਦਵਾਈ ਦੇਣ ਨਾਲ ਛੁੱਟੀ ਕਰਨ ਦੀ ਸਲਾਹ ਦਿੱਤੀ ਹੈ।
---
ਡਾਕਟਰ ਦੀ ਸਲਾਹ
- ਮੌਸਮ ਮੁਤਾਬਕ ਕੱਪੜੇ ਪਾਓ।
- ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਮਾਸਕ ਦੀ ਵਰਤੋਂ ਕਰੋ।
- ਹੱਥਾਂ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ।
- ਢੁੱਕਵੀਂ ਮਾਤਰਾ ’ਚ ਪਾਣੀ ਤੇ ਪੋਸ਼ਣ ਵਾਲੀ ਖੁਰਾਕ ਖਾਓ।
- ਬੱਚਿਆਂ ਨੂੰ ਕੋਲਡ ਡ੍ਰਿੰਕ ਤੇ ਫਾਸਟ ਫੂਡ ਨਾਲ ਦਿਓ।
- ਬੱਚਿਆਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਸਾਦੇ ਪਾਣੀ ਦੀ ਭਾਫ ਦਿਓ।
- ਜੇ ਬੁਖਾਰ ਤਿੰਨ ਦਿਨ ਤੋਂ ਵੱਧ ਰਹੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
- ਬੱਚਿਆਂ ਤੇ ਬਜ਼ੁਰਗਾਂ ਨੂੰ ਹਾਲੇ ਗਰਮ ਕੱਪੜੇ ਪਾਉਣੇ ਚਾਹੀਦੇ ਹਨ।