ਪਾਸਟਰ ਗਿੱਲ ਦੀ ਮੁੱਖ ਮੰਤਰੀ ਮਾਨ ਨਾਲ ਮੁਲਾਕਾਤ
ਮਸੀਹ ਸਮਾਜ ਦੇ ਮੁੱਦਿਆਂ ਸਬੰਧੀ ਪਾਸਟਰ ਗੌਰਵ ਮਸੀਹ ਗਿੱਲ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ
Publish Date: Sat, 14 Feb 2026 08:05 PM (IST)
Updated Date: Sun, 15 Feb 2026 04:15 AM (IST)
ਲਵਲੀ ਜੋਇਲ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਪ੍ਰਸਿੱਧ ਧਾਰਮਿਕ ਸ਼ਖਸੀਅਤ ਤੇ ਸਮਾਜ ਸੇਵੀ ਪਾਸਟਰ ਗੌਰਵ ਮਸੀਹ ਗਿੱਲ ਨੇ 12 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਖਾਸ ਮੁਲਾਕਾਤ ਕਰ ਕੇ ਮਸੀਹ ਸਮਾਜ ਨਾਲ ਸਬੰਧਤ ਲੰਬੇ ਸਮੇਂ ਤੋਂ ਬਕਾਇਆ ਮੁੱਦਿਆਂ ਤੇ ਮੰਗਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਵੱਲੋਂ ਕਬਰਿਸਤਾਨ ਤੇ ਮਸੀਹ ਭਵਨ ਲਈ ਜ਼ਮੀਨ ਮੁਹੱਈਆ ਕਰਵਾਉਣ, ਘੱਟ ਗਿਣਤੀ ਕਮਿਸ਼ਨ ਨੂੰ ਪਾਵਰ ਟੂ ਐਕਟ ਅਧੀਨ ਮਜ਼ਬੂਤ ਬਣਾਉਣ, ਚਰਚਾਂ ਦੀ ਬਿਜਲੀ ਮੁਆਫ਼ੀ, ਪਾਸਟਰਾਂ ਤੇ ਚਰਚਾਂ ਦੀ ਸੁਰੱਖਿਆ ਯਕੀਨੀ ਬਣਾਉਣ, ਕ੍ਰਿਸਮਿਸ ਤੇ ਇਸਟਰ ਨੂੰ ਰਾਜ ਪੱਧਰ ’ਤੇ ਮਨਾਉਣ, ਮਸੀਹ ਭਲਾਈ ਬੋਰਡ ਲਈ ਫੰਡ ਜਾਰੀ ਕਰਨ ਤੇ ਕਾਲਜਾਂ-ਯੂਨੀਵਰਸਿਟੀਆਂ ’ਚ ਪ੍ਰਭੂ ਯਿਸੂ ਮਸੀਹ ਦੇ ਨਾਮ ’ਤੇ ਚੇਅਰ ਸਥਾਪਿਤ ਕਰਨ ਸਮੇਤ ਹੋਰ ਭਲਾਈ ਕਾਰਜਾਂ ਲਈ ਬੇਨਤੀ ਕੀਤੀ ਗਈ। ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਮਸੀਹ ਕੌਮ ਨਾਲ ਜੁੜੇ ਜਾਇਜ਼ ਮਸਲਿਆਂ ਨੂੰ ਜਲਦ ਹੀ ਪੰਜਾਬ ਸਰਕਾਰ ਵੱਲੋਂ ਵਿਚਾਰ ਕੇ ਹੱਲ ਕੀਤਾ ਜਾਵੇਗਾ। ਇਸ ਮੌਕੇ ਪਾਸਟਰ ਗੌਰਵ ਗਿੱਲ ਨੇ 26 ਜਨਵਰੀ ਨੂੰ ਸਮਾਜ ਸੇਵੀ ਵਜੋਂ ਸਨਮਾਨਿਤ ਕਰਨ ਲਈ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ।