-ਰਜਿਸਟ੍ਰੇਸ਼ਨ ਦੇ ਦੂਜੇ ਦਿਨ

-ਰਜਿਸਟ੍ਰੇਸ਼ਨ ਦੇ ਦੂਜੇ ਦਿਨ ਵੀ ਬੈਂਕਾਂ ਬਾਹਰ ਲੱਗੀਆਂ ਲਾਈਨਾਂ
-ਯਾਤਰੀਆਂ ਨੇ ਆਪਣੇ ਲਈ ਪੀਣ ਵਾਲੇ ਪਾਣੀ ਦੀ ਕੀਤੀ ਸੇਵਾ
ਜਾਸ, ਜਲੰਧਰ : ਸ਼੍ਰੀ ਅਮਰਨਾਥ ਯਾਤਰਾ ਸਬੰਧੀ ਯਾਤਰੀਆਂ ਦੇ ਰਜਿਸਟ੍ਰੇਸ਼ਨ ਲਈ ਦੂਜੇ ਦਿਨ ਵੀ ਬੈਂਕਾਂ ਵਿਚ ਬਦਇੰਤਜ਼ਾਮੀ ਦਾ ਅਲਾਮ ਜਾਰੀ ਰਿਹਾ। ਸ਼੍ਰੀ ਅਮਰਨਾਥ ਯਾਤਰਾ ਤਿੰਨ ਜੁਲਾਈ ਤੋਂ ਸ਼ੁਰੂ ਹੋ ਕੇ 28 ਅਗਸਤ ਤੱਕ ਚੱਲਣ ਵਾਲੀ ਹੈ, ਜਿਸ ਲਈ 15 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਦੌਰਾਨ, ਜੇਐਂਡਕੇ ਬੈਂਕ ਬਸਤੀ ਅੱਡਾ ਦੇ ਬਾਹਰ ਧੁੱਪ ਵਿਚ ਲੋਕਾਂ ਦੀਆਂ ਲਾਈਨਾਂ ਲੱਗ ਰਹੀਆਂ ਜਦਕਿ ਐੱਸਬੀਆਈ ਦੀ ਮੁੱਖ ਸ਼ਾਖਾ ’ਚ ਸਵੇਰੇ ਤੋਂ ਹੀ ਲੋਕਾਂ ਦਾ ਰਜਿਸਟ੍ਰੇਸ਼ਨ ਦੇਰੀ ਨਾਲ ਸ਼ੁਰੂ ਹੋਇਆ। ਇਸ ਦੌਰਾਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰਜਿਸਟ੍ਰੇਸ਼ਨ ਕਰਵਾਉਣ ਪੁੱਜੇ ਯਾਤਰੀਆਂ ਲਈ ਗਰਮੀ ’ਚ ਪੀਣ ਵਾਲੇ ਪਾਣੀ ਤੇ ਚਾਹ ਦੀ ਸਹੂਲਤ ਸੰਸਥਾਵਾਂ ਵੱਲੋਂ ਮੁਹੱਈਆ ਕੀਤੀ ਗਈ। ਹਾਲਾਂਕਿ, ਹਿੰਦੂ ਸੰਸਥਾਵਾਂ ਨੇ ਅਧਿਕਾਰਤ ਬੈਂਕਾਂ ਵਿਚ ਸ਼ਿਵ ਭਗਤਾਂ ਲਈ ਬੈਠਣ ਤੇ ਪ੍ਰਬੰਧ ਬਣਾਈ ਰੱਖਣ ਦੀ ਮੰਗ ਕੀਤੀ ਹੈ।
ਸ਼੍ਰੀ ਅਮਰਨਾਥ ਯਾਤਰਾ ਲਈ ਸ਼ਿਵ ਭਗਤਾਂ ਨੂੰ ਆਨਲਾਈਨ ਦੇ ਨਾਲ-ਨਾਲ ਆਫਲਾਈਨ ਰਜਿਸਟ੍ਰੇਸ਼ਨ ਕਰਨ ਲਈ ਜੰਮੂ ਅਤੇ ਕਸ਼ਮੀਰ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਇੰਡੀਆ ਤੇ ਯੈੱਸ ਬੈਂਕ ਨੂੰ ਅਧਿਕਾਰਤ ਕੀਤਾ ਗਿਆ ਹੈ। ਇੱਥੇ ਜਾ ਕੇ ਸ਼ਿਵ ਭਗਤ ਰਜਿਸਟ੍ਰੇਸ਼ਨ ਕਰ ਸਕਦੇ ਹਨ। ਹਾਲਾਂਕਿ, ਬੈਂਕਾਂ ਨੇ ਸ਼ਹਿਰ ’ਚ ਇਕ-ਇਕ ਸ਼ਾਖਾ ਨੂੰ ਹੀ ਇਸ ਲਈ ਅਧਿਕਾਰਤ ਕੀਤਾ ਹੈ। ਪਹਿਲੇ ਦਿਨ ਰਜਿਸਟ੍ਰੇਸ਼ਨ ਕਰਨ ਲਈ ਲੋਕਾਂ ਦੀ ਭੀੜ ਉਮੜ ਪਈ ਜਦੋਂ ਕਿ ਬੈਂਕਾਂ ਵਿਚ ਵੱਧ ਭੀੜ ਕਾਰਨ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ ਬਸਤੀ ਅੱਡਾ ਸਥਿਤ ਜੇਐਂਡਕੇ ਬੈਂਕ ਪੁੱਜੇ ਲੋਕਾਂ ਨੂੰ ਸਵੇਰੇ ਤੋਂ ਦੁਪਹਿਰ ਤੱਕ ਇੰਤਜ਼ਾਰ ਕਰਨਾ ਪਿਆ। ਪ੍ਰਬੰਧਾਂ ਦੀ ਕਮੀ ਕਾਰਨ ਲੋਕ ਬੈਂਕ ਦੇ ਬਾਹਰ ਧੁੱਪ ਵਿਚ ਲਾਈਨਾਂ ’ਚ ਖੜ੍ਹੇ ਰਹੇ। ਇਸ ਦੌਰਾਨ ਪ੍ਰਬੰਧਾਂ ਤੋਂ ਖਫ਼ਾ ਭਾਰਗੋ ਕੈਂਪ ਦੇ ਵਾਸੀ ਜਗਦੀਸ਼ ਕੁਮਾਰ ਨੇ ਕਿਹਾ ਕਿ ਉਹ ਵੀਰਵਾਰ ਨੂੰ ਦੂਜੇ ਦਿਨ ਲਾਈਨ ਵਿਚ ਖੜ੍ਹੇ ਹਨ। ਰਜਿਸਟ੍ਰੇਸ਼ਨ ਫੀਸ ਦੇਣ ਦੇ ਬਾਵਜੂਦ ਧੁੱਪ ’ਚ ਖੜ੍ਹੇ ਰਹਿਣਾ ਪੈ ਰਿਹਾ ਹੈ। ਕੰਪਨੀ ਤੋਂ ਕੱਲ੍ਹ ਵੀ ਛੁੱਟੀ ਲੈ ਕੇ ਆਏ ਸਨ, ਅੱਜ ਵੀ ਛੁੱਟੀ ਹੋ ਗਈ ਹੈ।
ਬੂਟਾ ਮੰਡੀ ਦੇ ਰਹਿਣ ਵਾਲੇ ਅਨਿਲ ਕੁਮਾਰ ਦਾ ਕਹਿਣਾ ਹੈ ਕਿ ਬੈਂਕ ਵਿਚ ਰਜਿਸਟ੍ਰੇਸ਼ਨ ਲਈ 100 ਲੋਕਾਂ ਨੂੰ ਟੋਕਨ ਦਿੱਤੇ ਜਾਂਦੇ ਹਨ ਅਤੇ ਕੰਮ ਸਿਰਫ 35 ਤੋਂ 40 ਲੋਕਾਂ ਦਾ ਹੀ ਹੁੰਦਾ ਹੈ। ਬਾਕੀ ਲੋਕਾਂ ਨੂੰ ਧੁੱਪ ’ਚ ਬਾਹਰ ਹੀ ਖੜ੍ਹੇ ਰਹਿਣਾ ਪੈਂਦਾ ਹੈ। ਔਰਤਾਂ ਤੇ ਮਰਦਾਂ ਦੀ ਇਕ ਲਾਈਨ ਲਗਾਈ ਜਾਂਦੀ ਹੈ, ਜਿੱਥੇ ਪੀਣ ਵਾਲੇ ਪਾਣੀ ਦੀ ਵੀ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ।
ਅੰਕਿਤ ਕੁਮਾਰ ਨੇ ਕਿਹਾ ਕਿ ਬੁੱਧਵਾਰ ਨੂੰ ਯਾਤਰੀਆਂ ਨੂੰ ਗਰਮੀ ’ਚ ਪੀਣ ਵਾਲੇ ਪਾਣੀ ਦੀ ਕਾਫੀ ਮੁਸ਼ਕਲ ਆਈ ਸੀ। ਵੀਰਵਾਰ ਨੂੰ ਉਨ੍ਹਾਂ ਨੇ ਲਗਪਗ 40 ਪੇਟੀ ਪੈਕ ਪਾਣੀ ਦੀਆਂ ਬੋਤਲਾਂ ਮੰਗਵਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਧੁੱਪ ਤੋਂ ਬਚਾਅ ਲਈ ਬੈਂਕ ਪ੍ਰਸ਼ਾਸਨ ਨੂੰ ਇੰਤਜ਼ਾਰ ਕਰਨ ਦੀ ਸਹੂਲਤ ਦੇਣੀ ਚਾਹੀਦੀ ਸੀ।
ਇਸ ਬਾਰੇ ਸਟੇਟ ਬੈਂਕ ਆਫ ਇੰਡੀਆ ਦੇ ਏਜੀਐੱਮ ਪ੍ਰਦੀਪ ਕੁਮਾਰ ਝਾਅ ਨੇ ਕਿਹਾ ਕਿ ਕਾਫੀ ਹੱਦ ਤੱਕ ਸਿਸਟਮ ਦੀ ਸਮੱਸਿਆ ਦਾ ਹੱਲ ਹੋ ਗਿਆ ਹੈ। ਜੋ ਲੋਕ ਬੈਂਕ ਆਉਂਦੇ ਹਨ, ਉਨ੍ਹਾਂ ਦਾ ਰਜਿਸਟ੍ਰੇਸ਼ਨ ਦਾ ਕੰਮ ਪੂਰਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜੋ ਲੋਕ ਦੇਰੀ ਨਾਲ ਆਉਂਦੇ ਹਨ, ਉਨ੍ਹਾਂ ਨੂੰ ਅਗਲੇ ਦਿਨ ਤਰਜੀਹ ਦੇ ਆਧਾਰ 'ਤੇ ਰਜਿਸਟ੍ਰੇਸ਼ਨ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੁੱਖ ਸ਼ਾਖਾ ਵਿਚ ਕੀਤੇ ਜਾ ਰਹੇ ਰਜਿਸਟ੍ਰੇਸ਼ਨ ਦੌਰਾਨ ਲੋਕਾਂ ਲਈ ਬੈਠਣ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।
-----
55ਵੀਂ ਵਾਰ ਸ਼੍ਰੀ ਅਮਰਨਾਥ ਯਾਤਰਾ ਜਾਣ ਵਾਲੇ ਸ਼ਿਵ ਭਗਤ ਰਵੀ ਕਨੌਜੀਆ ਕਹਿੰਦੇ ਹਨ ਕਿ ਸਰਕਾਰ ਨੇ ਰਜਿਸਟ੍ਰੇਸ਼ਨ ਲਈ ਆਨਲਾਈਨ ਤੇ ਆਫਲਾਈਨ ਦੀ ਸਹੂਲਤ ਦਿੱਤੀ ਹੈ ਪਰ ਜ਼ਮੀਨੀ ਪੱਧਰ 'ਤੇ ਸ਼ਿਵ ਭਗਤਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕਰਨਾ ਵੀ ਜਰੂਰੀ ਹੈ। ਬਾਲਟਾਲ ਤੇ ਪਹਿਲਗਾਮ ਦੇ ਰਸਤੇ ਯਾਤਰਾ ਕਰਨ ਲਈ ਰਜਿਸਟ੍ਰੇਸ਼ਨ ਫੀਸ ਇਕੋ ਜਿਹੀ ਹੈ। ਆਨਲਾਈਨ ਫੀਸ 220 ਰੁਪਏ ਅਤੇ ਆਫਲਾਈਨ ਫੀਸ 150 ਰੁਪਏ ਜਮ੍ਹਾਂ ਕਰਵਾਈ ਜਾਂਦੀ ਹੈ।
ਸ਼੍ਰੀਨਗਰ ਤੋਂ ਬਾਲਟਾਲ - 90 ਕਿੱਲੋਮੀਟਰ
ਬਾਲਟਾਲ ਤੋਂ ਬਾਬਾ ਸ਼੍ਰੀ ਅਮਰਨਾਥ ਦੀ ਗੁਫਾ 14 ਕਿੱਲੋਮੀਟਰ
ਸ਼੍ਰੀਨਗਰ ਤੋਂ ਪਹਿਲਗਾਮ 96 ਕਿੱਲੋਮੀਟਰ
ਪਹਿਲਗਾਮ ਤੋਂ ਬਾਬਾ ਸ਼੍ਰੀ ਅਮਰਨਾਥ ਦੀ ਗੁਫਾ 32 ਕਿੱਲੋਮੀਟਰ।