ਪ੍ਰਲੇਸ਼ ਵੱਲੋਂ ਸ਼ਾਇਰ ਕੁਲਵੰਤ ਸੇਖੋਂ ਨਾਲ ਰੂਬਰੂ ਤੇ ਕਵੀ ਦਰਬਾਰ
ਪ੍ਰਲੇਸ਼ ਵੱਲੋਂ ਸ਼ਾਇਰ ਕੁਲਵੰਤ ਸੇਖੋਂ ਨਾਲ ਰੂ ਬ ਰੂ ਤੇ ਕਵੀ ਦਰਬਾਰ
Publish Date: Tue, 10 Feb 2026 07:07 PM (IST)
Updated Date: Tue, 10 Feb 2026 07:08 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬੀਤੇ ਦਿਨੀਂ ਪ੍ਰਗਤੀਸ਼ੀਲ ਲੇਖਕ ਸੰਘ (ਜਲੰਧਰ ਇਕਾਈ) ਤੇ ਸਾਹਿਤਕ ਤੇ ਸੱਭਿਆਚਾਰਕ ਸੰਸਥਾ ਫੁਲਕਾਰੀ ਦੇ ਸਾਂਝੇ ਤੱਤਾਂਧਾਨ ਹੇਠ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪ੍ਰਸਿੱਧ ਪਰਵਾਸੀ ਸ਼ਾਇਰ ਕੁਲਵੰਤ ਸੇਖੋਂ ਨਾਲ ਰੂ-ਬ-ਰੂ ਤੇ ਕਵੀ ਦਰਬਾਰ ਕਰਵਾਇਆ। ਸਮਾਗਮ ’ਚ ਸਾਹਿਤਕ ਮਾਹੌਲ ਤੇ ਵਿਚਾਰਸ਼ੀਲ ਸੰਵਾਦ ਦਾ ਖਾਸ ਨਜ਼ਾਰਾ ਵੇਖਣ ਨੂੰ ਮਿਲਿਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਸੰਘ ਦੇ ਸੀਨੀਅਰ ਮੀਤ ਪ੍ਰਧਾਨ ਮੱਖਣ ਮਾਨ ਨੇ ਸਮਾਗਮ ਦੀ ਰੂਪ-ਰੇਖਾ ਸਾਂਝੀ ਕੀਤੀ। ਇਸ ਮੌਕੇ ਪ੍ਰਧਾਨਗੀ ਮੰਡਲ ’ਚ ਸ਼ਾਇਰ ਕੁਲਵੰਤ ਸੇਖੋਂ, ਸ਼ਾਇਰ ਵਿਸ਼ਾਲ, ਕੁਲਦੀਪ ਸਿੰਘ ਬੇਦੀ ਤੇ ਜੁਗਿੰਦਰ ਸੰਧੂ ਸ਼ਾਮਲ ਸਨ। ਸੰਘ ਦੇ ਜਨਰਲ ਸਕੱਤਰ ਭਗਵੰਤ ਰਸੂਲਪੁਰੀ ਨੇ ਆਏ ਹੋਏ ਸ਼ਾਇਰਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ ਤੇ ਪ੍ਰਗਤੀਸ਼ੀਲ ਲੇਖਕ ਸੰਘ ਦੀ ਜਲੰਧਰ ਇਕਾਈ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਰੂ-ਬ-ਰੂ ਸੈਸ਼ਨ ਦੌਰਾਨ ਪਰਵਾਸੀ ਸ਼ਾਇਰ ਕੁਲਵੰਤ ਸੇਖੋਂ ਨੇ ਆਪਣੇ ਜੀਵਨ ਤੇ ਸਾਹਿਤਕ ਸਫ਼ਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਦੁਆਬੇ ਦੇ ਇਕ ਪਿੰਡ ਤੋਂ ਅਮਰੀਕਾ ਤੱਕ ਪਹੁੰਚਣਾ ਉਨ੍ਹਾਂ ਲਈ ਬਹੁਤ ਹੀ ਸੰਘਰਸ਼ਪੂਰਨ ਸਫ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਮਨੁੱਖ ਨੂੰ ਹਰ ਸਮੇਂ ਆਪਣੀ ਮਿੱਟੀ ਦਾ ਭੂ-ਹੇਰਵਾ ਸਤਾਉਂਦਾ ਰਹਿੰਦਾ ਹੈ ਤੇ ਇਹੀ ਤੜਪ ਉਨ੍ਹਾਂ ਦੀ ਸ਼ਾਇਰੀ ਦੀ ਮੂਲ ਪ੍ਰੇਰਣਾ ਹੈ। ਇਸ ਉਪਰਾਂਤ ਉਨ੍ਹਾਂ ਨੇ ਆਪਣੀਆਂ ਚੁਣਿੰਦੀਆਂ ਕਵਿਤਾਵਾਂ ਤੇ ਗ਼ਜ਼ਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਭਰਪੂਰ ਸਾਰਾਹਨਾ ਮਿਲੀ। ਚਰਚਾ ਦੌਰਾਨ ਤਸਕੀਨ, ਕਰਨ ਰਾਏ, ਡਾ. ਰੁਪਾਲੀ, ਸੁਰਿੰਦਰ ਕੁਮਾਰੀ ਆਦਿ ਨੇ ਵਿਚਾਰ ਪ੍ਰਗਟ ਕੀਤੇ। ਕਵੀ ਦਰਬਾਰ ਦੀ ਸੰਚਾਲਨਾ ਰਾਕੇਸ਼ ਆਨੰਦ ਨੇ ਕੀਤੀ, ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸ਼ਾਇਰਾਂ ਦੀ ਜਾਣ-ਪਛਾਣ ਕਰਵਾਈ ਤੇ ਆਪਣੀ ਨਵੀਂ ਹਿੰਦੀ ਕਵਿਤਾ ਵੀ ਪੜ੍ਹ ਕੇ ਸੁਣਾਈ। ਇਸ ਮੌਕੇ ਮੰਚ ’ਤੇ ਹਾਜ਼ਰ ਸ਼ਾਇਰਾਂ ਮੋਹਨ ਮਤਿਆਲਵੀ, ਵਿਸ਼ਾਲ, ਰੂਪ ਦਬੁਰਜੀ, ਸੁਰਜੀਤ ਸਾਜਨ, ਸਰੋਜ, ਨਕਾਸ਼ ਚਿੱਤੇਵਾਣੀ, ਮੱਖਣ ਮਾਨ, ਸੰਦੀਪ ਮਨਨ, ਜੁਗਿੰਦਰ ਸੰਧੂ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਸਮਾਗਮ ਨੂੰ ਰੌਣਕ ਬਖ਼ਸ਼ੀ। ਪ੍ਰਧਾਨਗੀ ਭਾਸ਼ਣ ਦੌਰਾਨ ਕੁਲਦੀਪ ਸਿੰਘ ਬੇਦੀ ਨੇ ਕਿਹਾ ਕਿ ਅੱਜ ਕੁਲਵੰਤ ਸੇਖੋਂ ਦੇ ਬਹਾਨੇ ਪਰਵਾਸ ਤੇ ਭੂ-ਹੇਰਵੇ ਵਰਗੇ ਅਹੰਕਾਰਪੂਰਨ ਸਾਹਿਤਕ ਮੁੱਦਿਆਂ ’ਤੇ ਖੁੱਲ੍ਹ ਕੇ ਵਿਚਾਰ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਅਜਿਹੀਆਂ ਗੋਸ਼ਟੀਆਂ ਤੇ ਸਮਾਗਮ ਲਗਾਤਾਰ ਕਰਵਾਉਣਾ ਇਕ ਸਰਾਹਣਯੋਗ ਪਰੰਪਰਾ ਹੈ, ਜਿਸਨੂੰ ਜਾਰੀ ਰੱਖਣਾ ਜ਼ਰੂਰੀ ਹੈ। ਸਮਾਗਮ ਦੇ ਅੰਤ ’ਚ ਮੰਚ ਦੇ ਅਹੁਦੇਦਾਰਾਂ ਸ਼ੈਲੇਸ਼ ਤੇ ਕੇਸਰ ਨੇ ਸਾਰੇ ਹਾਜ਼ਰੀਨਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।