ਪ੍ਰਲੇਸ਼ ਵੱਲੋਂ ਤਸਕੀਨ ਦੀ ਕਿਤਾਬ ‘ਪੰਜਾਬੀ ਲੋਕ ਸੰਗੀਤ’ ’ਤੇ ਗੋਸ਼ਟੀ
ਪ੍ਰਲੇਸ਼ ਵੱਲੋਂ ਤਸਕੀਨ ਦੀ ਕਿਤਾਬ ‘ਪੰਜਾਬੀ ਲੋਕ ਸੰਗੀਤ’ ’ਤੇ ਗੋਸ਼ਟੀ
Publish Date: Mon, 23 Mar 2026 08:05 PM (IST)
Updated Date: Mon, 23 Mar 2026 08:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪ੍ਰਗਤੀਸ਼ੀਲ ਲੇਖਕ ਸੰਘ (ਜਲੰਧਰ ਇਕਾਈ) ਵੱਲੋਂ ਯੁਵਾ ਚਿੰਤਕ ਤਸਕੀਨ ਦੀ ਕਿਤਾਬ ‘ਪੰਜਾਬੀ ਲੋਕ ਸੰਗੀਤ-ਹਰੀ ਕ੍ਰਾਂਤੀ ਦੇ ਆਰ-ਪਾਰ’ ‘ਤੇ ਦੇਸ਼ ਭਗਤ ਯਾਦਗਾਰ ਹਾਲ ’ਚ ਗੰਭੀਰ ਵਿਚਾਰ ਗੋਸ਼ਟੀ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਚਿੰਤਕ ਡਾ. ਸੇਵਾ ਸਿੰਘ ਨੇ ਕੀਤੀ, ਜਦਕਿ ਸਟੇਜ ਸੰਚਾਲਨ ਜਰਨਲ ਸਕੱਤਰ ਭਗਵੰਤ ਰਸੂਲਪੁਰੀ ਨੇ ਕੀਤਾ। ਕਿਤਾਬ ’ਤੇ ਪੇਪਰ ਪੜ੍ਹਦਿਆਂ ਡਾ. ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਕਿਤਾਬ ਹਰੀ ਕ੍ਰਾਂਤੀ ਦੇ ਲੋਕ ਮਨ ਤੇ ਲੋਕ ਸੰਗੀਤ ’ਤੇ ਪਏ ਪ੍ਰਭਾਵਾਂ ਦੀ ਗਹਿਰਾਈ ਨਾਲ ਜਾਂਚ ਕਰਦੀ ਹੈ। ਉਨ੍ਹਾਂ ਮੁਤਾਬਕ, ਕਿਤਾਬ ਦਰਸਾਉਂਦੀ ਹੈ ਕਿ ਹਰੀ ਕ੍ਰਾਂਤੀ ਨੇ ਲੋਕ ਸੰਸਕਾਰਾਂ ਤੇ ਗਾਇਕੀ ਦੇ ਅਰਥਾਂ ਨੂੰ ਕਿਵੇਂ ਬਦਲਿਆ ਤੇ ਮੰਡੀਕਰਨ ਨਾਲ ਸਮਾਜਿਕ ਸੰਬੰਧ ਕਿਵੇਂ ਕਮਜ਼ੋਰ ਹੋਏ। ਗੋਸ਼ਟੀ ਦੀ ਸ਼ੁਰੂਆਤ ਕਰਦਿਆਂ ਪ੍ਰੋ. ਐੱਚਐੱਸ ਡਿੰਪਲ ਨੇ ਕਿਹਾ ਕਿ ਗਾਇਕੀ ’ਚ ਮੰਡੀ ਦੇ ਵੱਧਦੇ ਦਖ਼ਲ ਕਾਰਨ ਬੌਧਿਕ ਤੇ ਸਮਾਜਿਕ ਸਰੋਕਾਰ ਪਿੱਛੇ ਰਹਿ ਗਏ ਹਨ, ਜਿਸ ਨਾਲ ਖਪਤਵਾਦੀ ਸੱਭਿਆਚਾਰ ਨੂੰ ਵਾਧਾ ਮਿਲਿਆ। ਨਾਵਲਕਾਰ ਬਲਬੀਰ ਪਰਵਾਨਾ ਨੇ ਕਿਹਾ ਕਿ ਕਿਤਾਬ ’ਚ ਕਈ ਥਾਵਾਂ ’ਤੇ ਵਿਰੋਧਾਭਾਸ ਵੀ ਦਿਖਾਈ ਦਿੰਦੇ ਹਨ, ਖ਼ਾਸ ਕਰਕੇ ਜਦੋਂ ਇਤਿਹਾਸ ਤੇ ਕਿਸਾਨੀ ਅੰਦੋਲਨ ਦੀ ਚਰਚਾ ਹੁੰਦੀ ਹੈ। ਡਾ. ਸ਼ੈਲਸ ਨੇ ਕਿਹਾ ਕਿ ਤਸਕੀਨ ਦਾ ਯਤਨ ਕਾਬਿਲ-ਏ-ਤਾਰੀਫ਼ ਹੈ ਪਰ ਕਿਤਾਬ ’ਚ ਨਿਰੰਤਰਤਾ ਦੀ ਘਾਟ ਹੈ ਤੇ ਕੁਝ ਨਤੀਜੇ ਵਾਦ-ਵਿਵਾਦਯੋਗ ਹਨ। ਇਸੇ ਤਰ੍ਹਾਂ ਹਰਵਿੰਦਰ ਭੰਡਾਲ ਨੇ ਕਿਹਾ ਕਿ ਕਿਤਾਬ ਵਿਚਾਰ ਚਰਚਾ ਲਈ ਨਵੇਂ ਦਰਵਾਜ਼ੇ ਖੋਲ੍ਹਦੀ ਹੈ, ਪਰ ਇਹ ਸੰਪੂਰਨ ਨਹੀਂ ਤੇ ਇਸ ’ਚ ਸੰਵਾਦ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਸੰਘ ਦੇ ਮੀਤ ਪ੍ਰਧਾਨ ਜੁਗਿੰਦਰ ਸੰਧੂ ਨੇ ਕਿਹਾ ਕਿ ਕਿਤਾਬ ਗਾਇਕੀ, ਇਤਿਹਾਸ ਤੇ ਸਭਿਆਚਾਰ ਦੇ ਕਈ ਨਵੇਂ ਪੱਖਾਂ ਨੂੰ ਉਜਾਗਰ ਕਰਦੀ ਹੈ ਤੇ ਇਹ ਸਮਝਾਉਂਦੀ ਹੈ ਕਿ ਹਰੀ ਕ੍ਰਾਂਤੀ ਤੇ ਆਧੁਨਿਕ ਗਾਇਕੀ ਨੇ ਪੰਜਾਬੀ ਸਮਾਜ ’ਤੇ ਕਿਹੋ ਜਿਹਾ ਅਸਰ ਪਾਇਆ। ਪ੍ਰਧਾਨਗੀ ਕਰਦਿਆਂ ਡਾ. ਸੇਵਾ ਸਿੰਘ ਨੇ ਕਿਹਾ ਕਿ ਅੱਜ ਦੇ ਗੀਤ ਕਿਸ ਕਲਾਸ ਲਈ ਬਣ ਰਹੇ ਹਨ ਤੇ ਕੌਣ ਉਨ੍ਹਾਂ ਨੂੰ ਆਰਥਿਕ ਸਹਾਰਾ ਦੇ ਰਿਹਾ ਹੈ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ‘ਨਵ ਧਨਾਢ ਵਰਗ’ ਦੇ ਵਧਦੇ ਪ੍ਰਭਾਵ ਤੇ ਲੋਕ ਸੰਸਕਾਰਾਂ ’ਤੇ ਉਸਦੇ ਅਸਰ ਬਾਰੇ ਵੀ ਵਿਸਥਾਰ ਨਾਲ ਵਿਚਾਰ ਰੱਖੇ। ਕਿਤਾਬ ਦੇ ਲੇਖਕ ਤਸਕੀਨ ਨੇ ਕਿਹਾ ਕਿ ਇਸ ਕਿਤਾਬ ਨੂੰ ਤਿਆਰ ਕਰਨ ’ਚ ਲਗਭਗ 15 ਸਾਲ ਲੱਗੇ। ਉਨ੍ਹਾਂ ਦੱਸਿਆ ਕਿ ਕਿਤਾਬ ’ਚ ਪੰਜਾਬ ਦੇ ਇਤਿਹਾਸ, ਗਾਇਕੀ ਤੇ ਮਨੁੱਖੀ ਗੌਰਵ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੂੰਜੀਵਾਦ ਮਨੁੱਖੀ ਮਰਯਾਦਾ ’ਤੇ ਕਿਵੇਂ ਅਸਰ ਪਾਂਦਾ ਹੈ, ਇਸ ਨੂੰ ਗੀਤਾਂ ਰਾਹੀਂ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੋਸ਼ਟੀ ’ਚ ਸੁਰਜੀਤ ਜੱਜ, ਕੁਲਦੀਪ ਸਿੰਘ ਬੇਦੀ, ਇਕਬਾਲ ਚਾਚਾ, ਮਨਜਿੰਦਰ ਕਮਲ, ਬਿੰਦਰ ਬਸਰਾ, ਰਾਕੇਸ਼ ਆਨੰਦ, ਕਾ. ਕੇਸਰ, ਰਮੇਸ਼ ਚੋਹਕਾ ਸਮੇਤ ਕਈ ਲੇਖਕਾਂ ਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ।