ਸਿਵਲ ਹਸਪਤਾਲ ’ਚ ਪਾਰਕਿੰਗ ਦੀ ਅਵਿਵਸਥਾ, ਲੋਕ ਪਰੇਸ਼ਾਨ

- ਹਸਪਤਾਲ ਦੀ ਪਾਰਕਿੰਗ ਬਣ ਚੁੱਕੀ ਹੈ ਜਨਤਕ ਪਾਰਕਿੰਗ
- ਹਸਪਤਾਲ ’ਚ ਆਉਣ ਵਾਲੇ ਲੋਕਾਂ ਤੇ ਸਟਾਫ ਤੋਂ ਵੱਧ ਬਾਹਰਲੇ ਲੋਕਾਂ ਦੀਆਂ ਗੱਡੀਆਂ ਖੜ੍ਹੀਆਂ
- ਹਰ ਰੋਜ਼ ਲੱਗਦਾ ਹੈ ਹਸਪਤਾਲ ’ਚ ਟ੍ਰੈਫਿਕ ਜਾਮ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਵਲ ਹਸਪਤਾਲ ’ਚ ਮਰੀਜ਼ਾਂ ਤੋਂ ਇਲਾਵਾ ਸਟਾਫ ਮੈਂਬਰਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲ ’ਚ ਪਾਰਕਿੰਗ ਪ੍ਰਬੰਧ ਪੂਰੀ ਤਰ੍ਹਾਂ ਡਗਮਗਾ ਗਿਆ ਹੈ। ਸਿਵਲ ਹਸਪਤਾਲ ਦੇ ਲਗਭਗ ਹਰ ਹਿੱਸੇ ’ਚ ਵਾਹਨਾਂ ਦੀ ਬੇਤਰਤੀਬ ਪਾਰਕਿੰਗ ਦੇ ਨਜ਼ਾਰੇ ਵੇਖਣ ਨੂੰ ਮਿਲਦੇ ਹਨ। ਇਲਾਜ ਲਈ ਆਉਣ ਵਾਲੇ ਮਰੀਜ਼, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਟਾਫ ਨੂੰ ਗੱਡੀਆਂ ਖੜ੍ਹੀਆਂ ਕਰਨ ਵਿੱਚ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਹਸਪਤਾਲ ਪ੍ਰਸ਼ਾਸਨ ਵੱਲੋਂ ਪਾਰਕਿੰਗ ਠੇਕੇਦਾਰ ਨੂੰ ਕਈ ਵਾਰ ਚੇਤਾਵਨੀ ਦੇਣ ਦੇ ਬਾਵਜੂਦ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ। ਠੇਕੇਦਾਰ ਦਾ ਕਹਿਣਾ ਹੈ ਕਿ ਪਾਰਕਿੰਗ ਲਈ ਜਗ੍ਹਾ ਘੱਟ ਹੈ ਅਤੇ ਠੇਕਾ ਵੱਧ ਭਰਿਆ ਗਿਆ ਹੈ, ਜਦਕਿ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਾਰਕਿੰਗ ਲਈ ਜਗ੍ਹਾ ਨਿਰਧਾਰਿਤ ਕੀਤੀ ਗਈ ਹੈ। 550 ਬੈੱਡ ਸਮਰੱਥਾ ਵਾਲੇ ਇਸ ਹਸਪਤਾਲ ਵਿੱਚ ਹਰ ਰੋਜ਼ ਲਗਭਗ 1500 ਮਰੀਜ਼ ਓਪੀਡੀ ਵਿੱਚ ਆਉਂਦੇ ਹਨ, ਜਦਕਿ 300 ਦੇ ਕਰੀਬ ਮਰੀਜ਼ ਦਾਖ਼ਲ ਹੁੰਦੇ ਹਨ। ਇਨ੍ਹਾਂ ਨਾਲ ਅਤੇ ਹੋਰ ਕੰਮਾਂ ਲਈ ਰੋਜ਼ਾਨਾ 5 ਤੋਂ 7 ਹਜ਼ਾਰ ਲੋਕ ਹਸਪਤਾਲ ਪਹੁੰਚਦੇ ਹਨ। ਲਗਭਗ 350 ਸਟਾਫ ਮੈਂਬਰ ਵੀ ਇੱਥੇ ਤੈਨਾਤ ਹਨ। ਹਸਪਤਾਲ ਪ੍ਰਸ਼ਾਸਨ ਵੱਲੋਂ ਸਟਾਫ ਅਤੇ ਐਮਰਜੈਂਸੀ ਪਾਰਕਿੰਗ ਲਈ ਬੋਰਡ ਲਾਏ ਜਾਣ ਦੇ ਬਾਵਜੂਦ ਠੇਕੇਦਾਰ ਦੀ ਮਨਮਾਨੀ ਜਾਰੀ ਹੈ ਅਤੇ ਪੂਰੇ ਹਸਪਤਾਲ ਵਿੱਚ ਪਾਰਕਿੰਗ ਉੱਤੇ ਉਸਦਾ ਕਬਜ਼ਾ ਬਣਿਆ ਹੋਇਆ ਹੈ।
ਟੀਬੀ ਵਿਭਾਗ ਤੋਂ ਲੈ ਕੇ ਪਿਛਲੇ ਗੇਟ ਤੱਕ, ਜੀਟੀ ਰੋਡ ਵਾਲੇ ਮੁੱਖ ਦਰਵਾਜ਼ੇ ਤੋਂ ਜੱਚਾ-ਬੱਚਾ ਕੇਂਦਰ, ਮੋਰਚਰੀ, ਐਮਰਜੈਂਸੀ ਅਤੇ ਟਰੌਮਾ ਸੈਂਟਰ ਦੇ ਨੇੜੇ ਤੱਕ ਹਰ ਥਾਂ ਪਾਰਕਿੰਗ ਦੀ ਸਥਿਤੀ ਖ਼ਰਾਬ ਹੈ। ਹਸਪਤਾਲ ਦੇ ਨੇੜੇ ਮਾਰਕੀਟ ਆਉਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਦੀਆਂ ਗੱਡੀਆਂ ਵੱਧ ਖੜ੍ਹੀਆਂ ਰਹਿੰਦੀਆਂ ਹਨ, ਜਿਸ ਕਰ ਕੇ ਸਟਾਫ ਅਤੇ ਮਰੀਜ਼ਾਂ ਨੂੰ ਪਾਰਕਿੰਗ ਲਈ ਭਟਕਣਾ ਪੈਂਦਾ ਹੈ। ਕਈ ਵਾਰ ਹਸਪਤਾਲ ਵਿੱਚ ਟ੍ਰੈਫਿਕ ਜਾਮ ਵੀ ਲੱਗ ਚੁੱਕਾ ਹੈ। ਪੁਲਿਸ ਵੱਲੋਂ ਪਿਛਲੇ ਸਮੇਂ ਦੌਰਾਨ ਤਿੰਨ-ਚਾਰ ਅਣਪਛਾਤੇ ਵਾਹਨ ਹਟਾਏ ਵੀ ਗਏ ਹਨ। ਹਸਪਤਾਲ ਦੇ ਇਕ ਸਟਾਫ ਮੈਂਬਰ ਨੇ ਦੱਸਿਆ ਕਿ ਸਵੇਰੇ ਡਿਊਟੀ ’ਤੇ ਆਉਂਦੇ ਹੀ ਸਭ ਤੋਂ ਪਹਿਲਾਂ ਗੱਡੀ ਖੜ੍ਹੀ ਕਰਨ ਲਈ ਜਗ੍ਹਾ ਲੱਭਣੀ ਪੈਂਦੀ ਹੈ, ਜਿਸ ਵਿੱਚ ਰੋਜ਼ਾਨਾ 20-25 ਮਿੰਟ ਲੱਗ ਜਾਂਦੇ ਹਨ। ਗੱਡੀ ਖੜੀ ਕਰਨ ਤੋਂ ਬਾਅਦ ਵੀ ਹੋਰ ਵਾਹਨ ਪਿੱਛੇ ਖੜ੍ਹੇ ਕਰ ਦਿੱਤੇ ਜਾਂਦੇ ਹਨ, ਜਿਸ ਨਾਲ ਗੱਡੀ ਕੱਢਣ ਵਿੱਚ ਮੁਸ਼ਕਿਲ ਆਉਂਦੀ ਹੈ। ਮਕਸੂਦਾ ਤੋਂ ਆਏ ਅਵਤਾਰ ਸਿੰਘ ਨੇ ਦੱਸਿਆ ਕਿ ਜਨਮ ਸਰਟੀਫਿਕੇਟ ਲਈ ਆਉਣ ’ਤੇ ਉਨ੍ਹਾਂ ਨੂੰ ਪੂਰੇ ਹਸਪਤਾਲ ਵਿੱਚ ਗੱਡੀ ਖੜ੍ਹੀ ਕਰਨ ਲਈ ਚੱਕਰ ਲਗਾਉਣੇ ਪਏ। ਜੱਚਾ-ਬੱਚਾ ਕੇਂਦਰ ਨੇੜੇ ਗੱਡੀ ਖੜ੍ਹੀ ਕਰ ਕੇ ਕੈਂਟੀਨ ਵੱਲ ਜਾਣਾ ਪਿਆ ਅਤੇ ਵਾਪਸੀ ’ਤੇ ਜਾਮ ਦਾ ਸਾਹਮਣਾ ਕਰਨਾ ਪਿਆ। ਪਾਰਕਿੰਗ ਠੇਕੇਦਾਰ ਕਪਿਲ ਕੁਮਾਰ ਨੇ ਕਿਹਾ ਕਿ ਉਹ ਨਿਯਮਾਂ ਅਨੁਸਾਰ ਪਾਰਕਿੰਗ ਕਰਵਾ ਰਹੇ ਹਨ। ਹਸਪਤਾਲ ਪ੍ਰਸ਼ਾਸਨ ਵੱਲੋਂ ਕੂੜੇ ਦਾ ਡੰਪ ਬਣਾਉਣ, ਸੀਵਰੇਜ ਲਈ ਖੁਦਾਈ ਅਤੇ ਸਿਵਲ ਸਰਜਨ ਦਫ਼ਤਰ ਨੂੰ ਹਸਪਤਾਲ ਵਿੱਚ ਸ਼ਿਫਟ ਕਰਨ ਕਾਰਨ ਪਾਰਕਿੰਗ ਦੀ ਜਗ੍ਹਾ ਘੱਟ ਹੋ ਗਈ ਹੈ। ਸਿਵਲ ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਨੇ ਕਿਹਾ ਕਿ ਪਾਰਕਿੰਗ ਦੀ ਸਮੱਸਿਆ ਬਾਰੇ ਉਨ੍ਹਾਂ ਨੂੰ ਕਈ ਵਾਰ ਸ਼ਿਕਾਇਤਾਂ ਮਿਲੀਆਂ ਹਨ। ਸਟਾਫ ਪਾਰਕਿੰਗ ਲਈ ਬੋਰਡ ਲਾਏ ਗਏ ਹਨ ਅਤੇ ਠੇਕੇਦਾਰ ਲਈ ਵੱਖਰੀ ਜਗ੍ਹਾ ਨਿਰਧਾਰਿਤ ਕੀਤੀ ਗਈ ਹੈ। ਇਸ ਮਾਮਲੇ ’ਤੇ ਠੇਕੇਦਾਰ ਨਾਲ ਮੀਟਿੰਗ ਕਰ ਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ।