ਐੱਚਐੱਮਵੀ ’ਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਕੀਤਾ ਯਾਦ
ਐੱਚਐੱਮਵੀ ਵਿਖੇ ਪਰਾਕਰਮ ਦਿਵਸ ਮਨਾਇਆ
Publish Date: Sat, 24 Jan 2026 06:42 PM (IST)
Updated Date: Sat, 24 Jan 2026 06:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਵਿਖੇ ਸੰਸਥਾ ਮੁਖੀ ਡਾ. ਏਕਤਾ ਖੋਸਲਾ ਦੀ ਰਹਿਨੁਮਾਈ ਹੇਠ ਐੱਨਸੀਸੀ ਆਰਮੀ ਤੇ ਏਅਰ ਵਿੰਗ ਦੇ ਕੈਡੇਟਸ ਨੇ ਏਐੱਨਓ ਸੋਨੀਆ ਮਹਿੰਦਰੂ ਤੇ ਸੀਟੀਓ ਪੂਰਨਿਮਾ ਸ਼ਰਮਾ ਦੀ ਅਗਵਾਈ ਹੇਠ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਬਹਾਦਰੀ ਦਿਵਸ ਸਫਲਤਾਪੂਰਵਕ ਕਰਵਾਇਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨੇਤਾਜੀ ਦੇ ਮਹਾਨ ਅਗਵਾਈ ਤੇ ਅਟੱਲ ਸਾਹਸ ਨੂੰ ਰਸਮੀ ਸਲਾਮੀ ਨਾਲ ਸ਼ਰਧਾਂਜਲੀ ਭੇਟ ਕਰਨਾ ਸੀ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਖੋਸਲਾ ਨੇ ਉਨ੍ਹਾਂ ਨੂੰ ਨੇਤਾਜੀ ਵੱਲੋਂ ਦਰਸਾਏ ਗਏ ਸਾਹਸ, ਅਨੁਸ਼ਾਸਨ ਤੇ ਨਿਸ਼ਕਾਮ ਸੇਵਾ ਦੀਆਂ ਕਦਰਾਂ-ਕੀਮਤਾਂ ਮੁੱਲਾਂ ਨੂੰ ਜੀਵਨ ’ਚ ਅਪਨਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਹੋ ਕੇ ਤੇ ਰਾਸ਼ਟਰ ਨਿਰਮਾਣ ਪ੍ਰਤੀ ਪੱਕੀ ਵਚਨਬੱਧਤਾ ਨਾਲ ਵਿਕਸਿਤ ਭਾਰਤ ਦੇ ਟੀਚੇ ਦੀ ਪ੍ਰਾਪਤੀ ਲਈ ਦ੍ਰਿੜ੍ਹ ਨਿਸ਼ਚੇ ਨਾਲ ਅੱਗੇ ਵਧਣਾ ਚਾਹੀਦਾ ਹੈ। ਇਸ ਮੌਕੇ ਐੱਨਸੀਸੀ ਕੈਡੇਟਸ, ਸਟੂਡੈਂਟ ਕੌਂਸਲ ਦੇ ਮੈਂਬਰ ਅਧਿਆਪਕ ਤੇ ਨਾਨ-ਟੀਚਿੰਗ ਸਟਾਫ ਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮੰਚ ਸੰਚਾਲਨ ਹੈੱਡ ਗਰਲ ਗੁਰਲੀਨ ਤੇ ਅਸਿਸਟੈਂਟ ਹੈੱਡ ਗਰਲ ਪਾਹੁਲ ਜਾਬਲ ਨੇ ਕੀਤਾ। ਕੈਡਿਟ ਸ਼ਰਨਜੀਤ ਕੌਰ (ਆਰਮੀ ਵਿੰਗ) ਨੇ ਨੇਤਾ ਜੀ ਦੀ ਸੋਚ ਤੇ ਬਲੀਦਾਨ ਅਧਾਰਿਤ ਭਾਸ਼ਣ ਦਿੱਤਾ ਜਦਕਿ ਕੈਡਿਟ ਸ਼ਰੁਤੀ ਚੌਧਰੀ (ਏਅਰ ਵਿੰਗ) ਤੇ ਸਟੂਡੈਂਟ ਕੌਂਸਲ ਦੀ ਮੁਸਕਾਨ ਨੇ ਕਵਿਤਾਵਾਂ ਰਾਹੀਂ ਨੇਤਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤਰ੍ਹਾਂ ਸੰਗੀਤ ਵਿਭਾਗ ਵੱਲੋਂ ਡਾ. ਪ੍ਰੇਮ ਸਾਗਰ ਤੇ ਡਾ. ਗੁੰਜਨ ਦੀ ਅਗਵਾਈ ਹੇਠ ਦੇਸ਼ ਭਗਤੀ ਦੇ ਗੀਤ ਨੂੰ ਪੇਸ਼ ਕੀਤਾ ਗਿਆ। ਐੱਨਸੀਸੀ ਦੇ ਕੈਡਿਟਸ ਵੱਲੋਂ ਬਹਾਦਰੀ ਦਿਵਸ ਦੀ ਮਹੱਤਤਾ ਨੂੰ ਦਰਸਾਉਂਦੇ ਪੋਸਟਰ ਵੀ ਪ੍ਰਦਰਸ਼ਿਤ ਕੀਤੇ ਗਏ। ਇਸ ਮੌਕੇ ਸੰਸਥਾ ਦਾ ਸਮੂਹ ਅਧਿਆਪਕ ਵਰਗ ਤੇ ਗੈਰ ਅਧਿਆਪਕ ਵਰਗ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਯਾਦ ਕੀਤਾ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਅਜਿਹੇ ਸਾਂਝੇ ਯਤਨਾਂ ਲਈ ਸ਼ਲਾਘਾ ਕੀਤੀ।