ਨਾਖਾਂ ਵਾਲੇ ਬਾਗ ਨੇੜੇ ਖੇਤਾਂ ’ਚੋਂ ਮਿਲੀ ਲਾਸ਼
'ਨਾਖਾ ਵਾਲੇ ਬਾਗ' ਨੇੜੇ ਖੇਤਾਂ ’ਚੋਂ ਨੌਜਵਾਨ ਦੀ ਲਾਸ਼ ਮਿਲਣ ’ਤੇ ਫੈਲੀ ਦਹਿਸ਼ਤ
Publish Date: Tue, 24 Mar 2026 09:36 PM (IST)
Updated Date: Tue, 24 Mar 2026 09:37 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੱਛਮੀ ਜ਼ੋਨ ’ਚ ਨਾਖਾਂ ਵਾਲੇ ਬਾਗ ਨੇੜੇ ਖੇਤਾਂ ’ਚੋਂ ਸ਼ੱਕੀ ਹਾਲਾਤ ’ਚ ਇਕ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ ਹੈ। ਮ੍ਰਿਤਕ ਦੀ ਪਛਾਣ ਸਰਬਜੀਤ ਉਰਫ ਸਾਬੀ ੳਰਫ ਰਾਂਝਾ ਵਾਸੀ ਗੁਰਾਇਆ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨੌਜਵਾਨ ਹਾਲ ਹੀ ’ਚ ਵਡਾਲਾ ਪਿੰਡ ’ਚ ਆਪਣੇ ਮਾਮੇ ਦੇ ਘਰ ਰਹਿਣ ਆਇਆ ਸੀ। ਸਵੇਰੇ ਜਦੋਂ ਇਕ ਸਥਾਨਕ ਨਿਵਾਸੀ ਖੇਤਾਂ ਵੱਲ ਜਾ ਰਿਹਾ ਸੀ ਤਾਂ ਉਸਨੇ ਨੌਜਵਾਨ ਨੂੰ ਜ਼ਮੀਨ ਤੇ ਪਿਆ ਦੇਖਿਆ। ਜਾਂਚ ਕਰਨ ’ਤੇ ਅਹਿਸਾਸ ਹੋਇਆ ਕਿ ਨੌਜਵਾਨ ਦੀ ਮੌਤ ਹੋ ਗਈ ਹੈ। ਉਸਨੇ ਤੁਰੰਤ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੂਚਿਤ ਕੀਤਾ। ਘਟਨਾ ਦੀ ਖ਼ਬਰ ਫੈਲਦੇ ਹੀ ਮੌਕੇ ਤੇ ਭੀੜ ਇਕੱਠੀ ਹੋ ਗਈ, ਜਿਸ ਨਾਲ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਥਾਨਕ ਨਿਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਸਬੰਧਤ ਪੁਲਿਸ ਥਾਣੇ ਦੀ ਇਕ ਟੀਮ ਮੌਕੇ ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮੁੱਢਲੀ ਜਾਂਚ ਦੌਰਾਨ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨੌਜਵਾਨ ਦੀ ਮੌਤ ਕਿਸ ਹਾਲਾਤ ’ਚ ਹੋਈ ਤੇ ਉਹ ਖੇਤਾਂ ’ਚ ਕਿਵੇਂ ਆਇਆ। ਸਥਾਨਕ ਨਿਵਾਸੀਆਂ ਤੋਂ ਪੁੱਛਗਿੱਛ ਕਰਨ ਦੇ ਨਾਲ-ਨਾਲ ਪੁਲਿਸ ਸੁਰਾਗ ਲੱਭਣ ਦੀ ਉਮੀਦ ’ਚ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ ਤੇ ਉਨ੍ਹਾਂ ਦੇ ਬਿਆਨ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਫਿਲਹਾਲ, ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗਾ।