ਪੰਡੋਰੀ ਵੱਲੋਂ ਐਦਲਪੁਰ ਤੇ ਬਾਜਵਾ ਖੁਰਦ ’ਚ ਆਂਗਣਵਾੜੀ ਸੈਂਟਰਾਂ ਦਾ ਉਦਘਾਟਨ
ਪੰਡੋਰੀ ਵੱਲੋਂ ਐਦਲਪੁਰ ਤੇ ਬਾਜਵਾ ਖੁਰਦ ‘ਚ ਆਂਗਣਵਾੜੀ ਸੈਂਟਰਾਂ ਦਾ ਉਦਘਾਟਨ
Publish Date: Sun, 01 Feb 2026 07:18 PM (IST)
Updated Date: Mon, 02 Feb 2026 04:14 AM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਬਲਾਕ ਅਧੀਨ ਆਉਂਦੇ ਹੋਏ ਪਿੰਡ ਐਦਲਪੁਰ ਤੇ ਬਾਜਵਾ ਖੁਰਦ ਵਿਖੇ ਮਨਰੇਗਾ ਸਕੀਮ ਤਹਿਤ ਨਵੀਆਂ ਬਣੀਆਂ ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਦਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਵੱਲੋਂ ਉਦਘਾਟਨ ਕੀਤਾ ਗਿਆ। ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਸੀਡੀਪੀਓ ਰਾਜਵਿੰਦਰ ਕੌਰ ਵੱਲੋਂ ਕੀਤੀ ਗਈ। ਉਨ੍ਹਾਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਵਿਭਾਗ ਦੇ ਕੰਮਕਾਜ ਬਾਰੇ ਜਾਣਕਾਰੀ ਸਾਂਝੀ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਚਾਣਨਾ ਪਾਇਆ। ਉਨ੍ਹਾਂ ਕਿਹਾ ਕਿ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਕਾਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ‘ਆਪ’ ਸਰਕਾਰ ਪੰਜਾਬ ਦੇ ਹਰ ਵਰਗ ਦੇ ਲੋਕਾਂ ਲਈ ਇਤਿਹਾਸਕ ਫੈਸਲੇ ਲੈ ਰਹੀ ਹੈ। ‘ਆਪ’ ਵੱਲੋਂ ਚੋਣਾਂ ਦੌਰਾਨ ਜੋ ਵੀ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਸੀਡੀਪੀਓ ਰਾਜਵਿੰਦਰ ਕੌਰ ਵੱਲੋਂ ਸਮਾਗਮ ‘ਚ ਪੁੱਜੇ ਹਲਕਾ ਇੰਚਾਰਜ ਪੰਡੋਰੀ ਤੇ ਪਿੰਡ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੀਡੀਪੀਓ ਦਫ਼ਤਰ ਦੇ ਸਹਾਇਕ ਨਿਰਮਲ ਸਿੰਘ ਗਿੱਲ, ਸੁਪਰਵਾਈਜ਼ਰ ਗੁਰਦੀਪ ਕੌਰ, ਜਸਵੰਤ ਕੌਰ, ਰਾਜ ਰਾਣੀ, ਬਲਜੀਤ ਕੌਰ, ਸ਼ਮਾ ਰਾਣੀ ਸਮੇਤ ਪੰਚਾਇਤਾਂ ਤੇ ਹੋਰ ਪਤਵੰਤੇ ਹਾਜ਼ਰ ਸਨ।