ਹਲਕਾ ਇੰਚਾਰਜ ਪੰਡੋਰੀ ਨੇ ਸੌਂਪੇ ਗ੍ਰਾਂਟਾਂ ਦੇ ਚੈੱਕ
ਸ਼ਾਹਕੋਟ ਹਲਕੇ ਦੀਆਂ ਸਰਬਸੰਮਤੀ ਨਾਲ ਬਣੀਆਂ ਪੰਚਾਇਤਾਂ ਨੂੰ ਮਿਲੀ 5-5 ਲੱਖ ਰੁਪਏ ਦੀ ਗ੍ਰਾਂਟ
Publish Date: Wed, 11 Feb 2026 09:43 PM (IST)
Updated Date: Wed, 11 Feb 2026 09:44 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਪੰਜਾਬ ਸਰਕਾਰ ਦੀ ਲੋਕ-ਹਿਤੈਸ਼ੀ ਸੋਚ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਲਕਾ ਸ਼ਾਹਕੋਟ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਵੱਲੋਂ ਅੱਜ ਹਲਕੇ ਦੀਆਂ ਉਨ੍ਹਾਂ ਪੰਚਾਇਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਸਰਪੰਚਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਹੈ। ਪੰਡੋਰੀ ਨੇ ਇਨ੍ਹਾਂ ਪੰਚਾਇਤਾਂ ਦੇ ਸਰਪੰਚਾਂ ਨੂੰ ਵਿਕਾਸ ਕਾਰਜਾਂ ਲਈ 5-5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇ ਚੈੱਕ ਭੇਟ ਕੀਤੇ। ਚੈੱਕ ਪ੍ਰਾਪਤ ਕਰਨ ਵਾਲੇ ਸਰਬਸੰਮਤੀ ਨਾਲ ਚੁਣੇ ਗਏ ਸਰਪੰਚਾਂ ਵਿੱਚ ਮੁੱਖ ਤੌਰ ਪਿੰਡ ਸਲੇਮਾ ਦੇ ਸੁਰਜੀਤ ਸਿੰਘ, ਪੱਤੀ ਗਗੜਵਾਲ ਦੇ ਜਸਵੀਰ ਕੌਰ, ਸੋਹਲ ਖੁਰਦ ਦੀ ਬੀਬੀ ਬਖ਼ਸ਼ੋ, ਬੁੱਧੀ ਪਿੰਡ ਦੇ ਬਲਜੀਤ ਕੌਰ, ਖੈਰਾ ਮੁਸ਼ਤਰਕਾ ਦੀ ਕਵਲਜੀਤ ਕੌਰ, ਗੋਬਿੰਦਪੁਰ ਦੇ ਬਲਵਿੰਦਰ ਸਿੰਘ ਸ਼ਾਮਲ ਸਨ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਕਰਨਾ ਆਪਸੀ ਭਾਈਚਾਰੇ, ਏਕਤਾ ਅਤੇ ਲੋਕਤੰਤਰ ਦੀ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਹ ਮਾਡਲ ਪਿੰਡਾਂ ਦੀ ਸਾਂਝ ਇਲਾਕੇ ਭਰ ਵਿਚ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਹੈ, ਜਿਸ ਨਾਲ ਪਿੰਡ ਦੇ ਵਿਕਾਸ ਕੰਮਾਂ ਨੂੰ ਇੱਕ ਨਵੀਂ ਤੇ ਸਾਰਥਕ ਦਿਸ਼ਾ ਮਿਲਦੀ ਹੈ। ਪੰਡੋਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਦਿੱਤੀ ਗਈ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਸਾਫ਼-ਸਫ਼ਾਈ ਦੇ ਪੁਖਤਾ ਪ੍ਰਬੰਧਾਂ, ਪੀਣ ਵਾਲੇ ਸਾਫ਼ ਪਾਣੀ, ਗਲੀਆਂ-ਨਾਲੀਆਂ ਦੀ ਉਸਾਰੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਵਿਕਾਸ ‘ਤੇ ਖਰਚ ਕੀਤੀ ਜਾਵੇਗੀ। ਅੰਤ ਵਿੱਚ ਆਪ ਆਗੂਆਂ ਨੇ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡਾਂ ਦੀ ਤਰੱਕੀ ਹੀ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਵਿਕਾਸ ਦੀ ਇਹ ਲਹਿਰ ਭਵਿੱਖ ’ਚ ਹੋਰ ਵੀ ਮਜ਼ਬੂਤ ਹੋਵੇਗੀ।