ਓਵਰਲੋਡ ਟਰਾਲੀ ਤਾਰਾਂ ਨਾਲ ਟਕਰਾਉਣ ਕਾਰਨ ਸੜੀ
ਓਵਰਲੋਡ ਪਰਾਲੀ ਨਾਲ ਲੱਦੀ ਟਰਾਲੀ ਤਾਰਾਂ ਦੇ ਸੰਪਰਕ ਨਾਲ ਅੱਗ ਦੀ ਚਪੇਟ ’ਚ
Publish Date: Thu, 19 Feb 2026 10:30 PM (IST)
Updated Date: Fri, 20 Feb 2026 04:12 AM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਅੱਡਾ ਬੱਲਾਂ ਤੋਂ ਪਿੰਡ ਨੂੰ ਜੋੜਦੀ ਲਿੰਕ ਸੜਕ ’ਤੇ ਓਵਰਲੋਡ ਪਰਾਲੀ ਨਾਲ ਲੱਦੀ ਟਰਾਲੀ ਤਾਰਾਂ ਦੇ ਸੰਪਰਕ ’ਚ ਆ ਕੇ ਅੱਗ ਲੱਗਣ ਦਾ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ, ਇਕ ਕਿਸਾਨ ਟਰਾਲੀ ਨੂੰ ਬੱਲਾਂ ਗੇਟ ਦੇ ਅੰਦਰ ਲਿੰਕ ਸੜਕ ’ਤੇ ਲੈ ਜਾ ਰਿਹਾ ਸੀ। ਟਰਾਲੀ ’ਚ ਪਰਾਲੀ ਜਿਆਦਾ ਉੱਚੀ ਲੱਦੀ ਹੋਣ ਕਾਰਨ ਉਹ ਬਿਜਲੀ ਦੇ ਤਾਰਾਂ ਨਾਲ ਟਕਰਾ ਗਈ। ਇਸ ਨਾਲ ਤਾਰਾਂ ਤੋਂ ਚੰਗਿਆੜੀਆਂ ਨਿਕਲੀਆਂ ਜੋ ਪਰਾਲੀ ਉੱਪਰ ਡਿੱਗਣ ਕਾਰਨ ਅੱਗ ਲੱਗ ਗਈ। ਕੁਝ ਹੀ ਮਿੰਟਾਂ ’ਚ ਸਾਰੀ ਪਰਾਲੀ ਤੇ ਟਰਾਲੀ ਦੇ ਟਾਇਰ ਸੜ ਗਏ। ਲੋਕਾਂ ਨੂੰ ਹਾਦਸੇ ਦਾ ਪਤਾ ਉਸ ਵੇਲੇ ਲੱਗਿਆ, ਜਦੋਂ ਟਰਾਲੀ ’ਚੋਂ ਉੱਚੀਆਂ ਉੱਚੀਆਂ ਅੱਗ ਦੀਆਂ ਲਪਟਾਂ ਦੂਰ ਤੱਕ ਦਿਖਾਈ ਦੇਣ ਲੱਗੀਆਂ। ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਪਰ ਜਦ ਤੱਕ ਟੀਮ ਮੌਕੇ ’ਤੇ ਪਹੁੰਚੀ, ਟਰਾਲੀ ਸਮੇਤ ਸਾਰੀ ਪਰਾਲੀ ਸੜ ਚੁੱਕੀ ਸੀ। ਟ੍ਰੈਫਿਕ ਲਈ ਇਹ ਹਾਦਸਾ ਸਮੱਸਿਆ ਬਣਿਆ ਤੇ ਲਿੰਕ ਰੋਡ ਬੰਦ ਹੋਣ ਕਾਰਨ ਪਿੰਡ ਬੱਲਾਂ ’ਚ ਇਕ ਘੰਟੇ ਤੋਂ ਵੱਧ ਟ੍ਰੈਫਿਕ ਜਾਮ ਰਹਿ ਗਿਆ।