ਆਉਟਸੋਰਸ ਕਰਮਚਾਰੀਆਂ ਨੂੰ ਪੂਰੀ ਤਨਖਾਹ ਨਹੀਂ ਮਿਲ ਰਹੀ, ਪੀਐੱਫ ਜਮ੍ਹਾ ਹੋਣ ’ਤੇ ਵੀ ਸੰਦੇਹ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ’ਚ ਆਊਟਸੋਰਸ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਨਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ’ਚ ਸੀਵਰੇਜ ਤੇ ਸੜਕਾਂ–ਗਲੀਆਂ ਦੀ ਸਫਾਈ ਲਈ ਰੱਖੇ ਗਏ 370 ਮੁਲਾਜ਼ਮ ਖ਼ਾਸ ਤੌਰ ’ਤੇ ਸ਼ਾਮਲ ਹਨ। ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਮੁਲਾਜ਼ਮਾਂ ਦਾ ਪ੍ਰੋਵੀਡੈਂਟ ਫੰਡ ਵੀ ਜਮ੍ਹਾਂ ਨਹੀਂ ਕਰਵਾਇਆ ਜਾ ਰਿਹਾ। ਯੂਨੀਅਨਾਂ ਨੇ ਇਸ ’ਤੇ ਨਾਰਾਜ਼ਗੀ ਜਤਾਈ ਹੈ ਤੇ ਨਿਗਮ ਪ੍ਰਸ਼ਾਸਨ ਤੋਂ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਨਗਰ ਨਿਗਮ ਨੇ ਅਗਸਤ 2025 ’ਚ 370 ਆਊਟਸੋਰਸ ਮੁਲਾਜ਼ਮ ਰੱਖੇ ਸਨ। ਇਨ੍ਹਾਂ ਦਾ ਮੁੱਖ ਕੰਮ ਸੜਕਾਂ ਤੇ ਗਲੀਆਂ ਦੀ ਸਫਾਈ ਕਰਨਾ ਸੀ। ਹਰ ਵਾਰਡ ’ਚ ਤਿੰਨ ਮੁਲਾਜ਼ਮ ਤਾਇਨਾਤ ਕੀਤੇ ਗਏ ਤੇ ਕੁਝ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਹੋਰ ਕੰਮਾਂ ’ਤੇ ਲਗਾਏ ਗਏ। ਇਸ ਦੌਰਾਨ ਕਈਆਂ ਨੇ ਯੂਨੀਅਨਾਂ ਨੂੰ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਤੇ ਕਈਆਂ ਨੂੰ ਤਨਖਾਹ ਕਿਸ਼ਤਾਂ ’ਚ ਮਿਲ ਰਹੀ ਹੈ। ਇਹ ਮਾਮਲਾ ਸੀਵਰਮੈਨ ਯੂਨੀਅਨ ਦੇ ਪ੍ਰਧਾਨ ਪਵਨ ਬਾਬਾ ਤੇ ਪੰਜਾਬ ਸਫਾਈ ਮਜ਼ਦੂਰ ਫੈੱਡਰੇਸ਼ਨ ਦੇ ਜਰਨਲ ਸਕੱਤਰ ਸਨੀ ਸਹੋਤਾ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਨੇ ਦੋ ਦਿਨ ਪਹਿਲਾਂ ਮੇਅਰ ਤੇ ਕਮਿਸ਼ਨਰ ਦੇ ਸਾਹਮਣੇ ਪੂਰਾ ਮਸਲਾ ਰੱਖਿਆ। ਇਹ ਸਾਰੇ ਮੁਲਾਜ਼ਮ ਗ੍ਰੇਟਿਸ ਕੰਪਨੀ ਰਾਹੀਂ ਆਊਟਸੋਰਸ ’ਤੇ ਰੱਖੇ ਗਏ ਹਨ। ਮੇਅਰ ਨੇ ਗ੍ਰੇਟਿਸ ਕੰਪਨੀ ਦੇ ਅਧਿਕਾਰੀਆਂ ਨੂੰ ਸੱਦ ਕੇ ਇਸ ਸਬੰਧੀ ਮੀਟਿੰਗ ਕੀਤੀ ਜਿਸ ’ਚ ਯੂਨੀਅਨ ਆਗੂ ਵੀ ਮੌਜੂਦ ਸਨ। ਯੂਨੀਅਨ ਪ੍ਰਧਾਨ ਪਵਨ ਬਾਬਾ ਅਨੁਸਾਰ ਮੀਟਿੰਗ ’ਚ ਸਪੱਸ਼ਟ ਹੋਇਆ ਕਿ ਪੀਐੱਫ ਕਟੌਤੀ ਤੋਂ ਬਾਅਦ ਹਰ ਮੁਲਾਜ਼ਮ ਨੂੰ 10,231 ਰੁਪਏ ਮਿਲਣੇ ਚਾਹੀਦੇ ਹਨ ਪਰ ਅਸਲ ’ਚ 9,100 ਰੁਪਏ ਹੀ ਮਿਲ ਰਹੇ ਹਨ। ਹਰੇਕ ਨੂੰ ਲਗਭਗ 1,100 ਰੁਪਏ ਘੱਟ ਮਿਲ ਰਹੇ ਹਨ। ਕੁਝ ਮੁਲਾਜ਼ਮਾਂ ਦੇ ਖਾਤੇ ’ਚ 6,100 ਰੁਪਏ ਤਾਂ ਕਿਸੇ ਦੇ 3,000 ਰੁਪਏ ਆ ਰਹੇ ਹਨ, ਜਿਸ ਕਾਰਨ ਕਿਸ਼ਤਾਂ ’ਚ ਤਨਖਾਹ ਲੈਣ ਵਾਲੇ ਨਾਰਾਜ਼ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਕੰਪਨੀ ਪੀਐੱਫ ਤੇ ਈਐੱਸਆਈ ਦੀ ਪੂਰੀ ਜਾਣਕਾਰੀ ਦੇਵੇ ਕਿੰਨਾ ਪੈਸਾ ਜਮ੍ਹਾਂ ਹੋਇਆ ਹੈ ਤੇ ਕਿਹੜੇ ਮਹੀਨੇ ਤੱਕ ਜਮ੍ਹਾਂ ਕਰਵਾਇਆ ਗਿਆ ਹੈ। ਇਹ ਵੀ ਮੰਗ ਕੀਤੀ ਗਈ ਹੈ ਕਿ ਆਊਟਸੋਰਸ ਮੁਲਾਜ਼ਮਾਂ ਨੂੰ ਨਗਰ ਨਿਗਮ ਆਪਣੇ ਖਾਤੇ ਤੋਂ ਤਨਖਾਹ ਦੇਵੇ, ਭਾਵੇਂ ਹਰ ਮਹੀਨੇ 500 ਰੁਪਏ ਘੱਟ ਹੀ ਕਿਉਂ ਨਾ ਦੇਣੇ ਪੈਣ। ਉਨ੍ਹਾਂ ਕਿਹਾ ਕਿ ਮੇਅਰ ਤੇ ਕਮਿਸ਼ਨਰ ਵੱਲੋਂ ਤਨਖਾਹ ਤੇ ਪੀਐੱਫ ਬਾਰੇ ਰਿਪੋਰਟ ਜਾਰੀ ਕੀਤੀ ਜਾਵੇ। ਜੇ ਮੁਲਾਜ਼ਮਾਂ ਨਾਲ ਧੱਕਾ ਹੋਇਆ ਤਾਂ ਯੂਨੀਅਨ ਹੜਤਾਲ ਕਰਨ ਤੋਂ ਪਿੱਛੇ ਨਹੀਂ ਹਟੇਗੀ।