- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਗਰਣ ਸੰਵਾਦਦਾਤਾ, ਜਲੰਧਰ :

ਜਾਗਰਣ ਸੰਵਾਦਦਾਤਾ, ਜਲੰਧਰ : ਆਊਟਸੋਰਸ 'ਤੇ ਕੰਮ ਕਰ ਰਹੇ ਡਰਾਈਵਰਾਂ ਨੇ ਸੈਲਰੀ ਨਾ ਮਿਲਣ ਦੇ ਕਾਰਨ ਕੂੜਾ ਉਠਾਉਣ ਦਾ ਕੰਮ ਬੰਦ ਕਰ ਦਿੱਤਾ ਹੈ। ਇਸ ਕਾਰਨ ਸ਼ਹਿਰ ਦੇ ਕਈ ਪ੍ਰਮੁੱਖ ਡੰਪ ਸਾਈਟਾਂ ਤੋਂ ਕੂੜਾ ਨਹੀਂ ਉਠਾਇਆ ਜਾ ਸਕਿਆ। ਇਸੇ ਦੌਰਾਨ, ਐਤਵਾਰ ਤੋਂ ਹੋ ਰਹੀ ਬਰਸਾਤ ਕਾਰਨ ਕੂੜਾ ਡੰਪਾਂ ਤੋਂ ਖਿੱਲਰ ਕੇ ਸੜਕਾਂ 'ਤੇ ਆ ਗਿਆ ਹੈ। ਠੇਕੇਦਾਰਾਂ ਦੀਆਂ ਗੱਡੀਆਂ ਤੇ ਨਗਰ ਨਿਗਮ ਯੂਨੀਅਨ ਦੇ ਦੂਜੇ ਗੁੱਟ ਨਾਲ ਜੁੜੇ ਕਰਮਚਾਰੀਆਂ ਨੇ ਕੰਮ ਕੀਤਾ ਪਰ ਵਰਿਆਣਾ ਡੰਪ 'ਤੇ ਵੀ ਬਰਸਾਤ ਕਾਰਨ ਗਾਰ ਪੈਦਾ ਹੋਣ ਕਾਰਨ ਕੂੜਾ ਬਹੁਤ ਮੁਸ਼ਕਲ ਨਾਲ ਪਹੁੰਚਾਇਆ ਗਿਆ। ਇਸੇ ਦੌਰਾਨ ਤਨਖਾਹ ਨਾ ਮਿਲਣ ਦੇ ਰੋਸ ’ਚ ਡਰਾਈਵਰਾਂ ਨੇ ਮੇਅਰ ਤੇ ਕਮਿਸ਼ਨਰ ਹਾਊਸ ਦੇ ਬਾਹਰ ਗੱਡੀਆਂ ਖੜ੍ਹੀਆਂ ਕਰ ਦਿੱਤੀਆਂ। ਨਗਰ ਨਿਗਮ ਦੇ ਡਰਾਈਵਰ, ਟੈਕਨੀਕਲ ਅਤੇ ਹੈਲਥ ਬ੍ਰਾਂਚ ਦੇ ਪ੍ਰਧਾਨ ਸ਼ੰਮੀ ਲੂਥਰ ਨੇ ਕਿਹਾ ਕਿ ਯੂਨੀਅਨ ਨਾਲ ਜੁੜੇ ਮੈਂਬਰਾਂ ਨੇ ਕੂੜਾ ਉਠਾਉਣ ਦਾ ਕੰਮ ਬੰਦ ਰੱਖਿਆ ਹੈ। ਦੋ ਮਹੀਨਿਆਂ ਤੋਂ ਆਊਟਸੋਰਸ ਡਰਾਈਵਰਾਂ ਨੂੰ ਤਨਖਾਹ ਨਹੀਂ ਮਿਲੀ, ਜਿਸ ਕਾਰਨ ਡਰਾਈਵਰਾਂ ਲਈ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁਝ ਪੱਕੇ ਡਰਾਈਵਰਾਂ ਨੂੰ ਵੀ ਤਨਖ਼ਾਹ ਨਹੀਂ ਮਿਲੀ ਹੈ। ਲੂਥਰ ਨੇ ਕਿਹਾ ਕਿ ਨਾ ਤਾਂ ਕੋਈ ਅਧਿਕਾਰੀ ਉਨ੍ਹਾਂ ਕੋਲ ਪੁੱਜਾ ਤੇ ਇਸ ਕਾਰਨ ਉਨ੍ਹਾਂ ਨੇ ਸਵੇਰੇ ਨੌਂ ਵਜੇ ਤੋਂ ਗੱਡੀਆਂ ਖੜ੍ਹੀਆਂ ਕਰਕੇ ਮੇਅਰ ਹਾਊਸ ਦੇ ਬਾਹਰ ਆਪਣਾ ਗੁੱਸਾ ਜ਼ਾਹਿਰ ਕੀਤਾ। ਸ਼ੰਮੀ ਲੂਥਰ ਨੇ ਕਿਹਾ ਕਿ ਜਦ ਤੱਕ ਤਨਖਾਹ ਨਹੀਂ ਮਿਲਦੀ ਜਾਂ ਗੱਲਬਾਤ ਨਹੀਂ ਹੁੰਦੀ, ਉਦੋਂ ਤੱਕ ਕੂੜਾ ਚੁੱਕਣ ਨਹੀਂ ਚੁੱਕਿਆ ਜਾਵੇਗਾ।
---
ਸੈਨੇਟਰੀ ਇੰਸਪੈਕਟਰਾਂ ਦੀ ਵਜ੍ਹਾ ਨਾਲ ਕੰਮ ’ਚ ਰੁਕਾਵਟ : ਠੇਕੇਦਾਰ
ਨਗਰ ਨਿਗਮ ਦੇ ਕੂੜਾ ਚੁੱਕਣ ਵਾਲੇ ਠੇਕੇਦਾਰ ਸਤਪਾਲ ਨੇ ਦੋਸ਼ ਲਾਇਆ ਹੈ ਕਿ ਨਿਗਮ ਦੇ ਸੈਨੇਟਰੀ ਇੰਸਪੈਕਟਰਾਂ ਕਾਰਨ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕੈਂਟ ਵਿਧਾਨ ਸਭਾ ਖੇਤਰ ’ਚ ਜੋਤੀ ਨਗਰ ਡੰਪ ਤੋਂ ਕੂੜਾ ਚੁੱਕਣ ਦਾ ਠੇਕਾ ਉਨ੍ਹਾਂ ਕੋਲ ਹੈ। ਸੈਨੇਟਰੀ ਇੰਸਪੈਕਟਰ ਸਵੇਰੇ 10 ਵਜੇ ਡੰਪ 'ਤੇ ਆਉਂਦੇ ਹਨ, ਜਦਕਿ ਉਨ੍ਹਾਂ ਦੇ ਟਿੱਪਰ ਸਵੇਰੇ 7 ਵਜੇ ਤੋਂ ਕੂੜਾ ਚੁੱਕਣਾ ਸ਼ੁਰੂ ਕਰਦੇ ਹਨ। ਸੈਨੇਟਰੀ ਇੰਸਪੈਕਟਰਾਂ ਦੇ ਇੰਤਜ਼ਾਰ ਵਿਚ ਡਰਾਈਵਰ ਡੰਪ 'ਤੇ ਤਿੰਨ ਤੋਂ ਚਾਰ ਘੰਟੇ ਖੜ੍ਹੇ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਦਾ ਨੁਕਸਾਨ ਹੁੰਦਾ ਹੈ। ਧਰਮ ਕੰਡੇ ਲਈ ਜੋ ਪਰਚੀ ਬਣਨੀ ਹੈ, ਉਹ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹਦੀ ਹੈ। ਜੇ ਗੱਡੀ ਤਿੰਨ ਤੋਂ ਚਾਰ ਘੰਟੇ ਡੰਪ 'ਤੇ ਖੜ੍ਹੀ ਰਹੇਗੀ, ਤਾਂ ਉਹ ਕੰਮ ਕਿਵੇਂ ਕਰਨਗੇ। ਸਤਪਾਲ ਨੇ ਕਿਹਾ ਕਿ ਸੈਨੇਟਰੀ ਇੰਸਪੈਕਟਰ ਨੂੰ ਵੀ ਸਵੇਰੇ 8 ਵਜੇ ਆਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਪਰਚੀ ਮਿਲ ਸਕੇ ਤੇ ਡਰਾਈਵਰ ਉਥੋਂ ਕੂੜਾ ਚੁੱਕ ਕੇ ਵਰਿਆਣਾ ਡੰਪ 'ਤੇ ਸੁੱਟ ਸਕਣ। ਠੇਕੇਦਾਰ ਨੇ ਕਿਹਾ ਕਿ ਜੇ ਨਿਗਮ ਦੇ ਸੈਨੇਟਰੀ ਇੰਸਪੈਕਟਰ ਸਹਿਯੋਗ ਨਹੀਂ ਕਰਨਗੇ ਤਾਂ ਉਹ ਕੂੜਾ ਚੁੱਕਣ ਦਾ ਕੰਮ ਬੰਦ ਕਰ ਦੇਣਗੇ।