ਕੁਰਬਾਨੀਆਂ ਸਦਕਾ ਹੀ ਸਾਡੀ ਹੋਂਦ ਕਾਇਮ : ਖ਼ਾਲਸਾ
ਸਾਹਿਬਜ਼ਾਦਿਆਂ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਸਾਡੀ ਹੋਂਦ ਕਾਇਮ-ਖ਼ਾਲਸਾ
Publish Date: Sat, 03 Jan 2026 07:04 PM (IST)
Updated Date: Sun, 04 Jan 2026 04:12 AM (IST)

ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸੰਗੀਤ ਸਮਾਗਮ ਕਰਵਾਇਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰਮਤਿ ਸੰਗੀਤ ਅਕੈਡਮੀ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸੰਗੀਤ ਸਮਾਗਮ ’ਚ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਤੇ ਗੁਰਬਾਣੀ ਵਿਚਾਰਾਂ ਕੀਤੀਆਂ ਗਈਆਂ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਤੇ ਸੋਸਾਇਟੀ ਦੇ ਮੁੱਖ ਸੇਵਾਦਾਰ ਜਥੇ. ਪਰਮਿੰਦਰ ਪਾਲ ਸਿੰਘ ਖ਼ਾਲਸਾ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੇ ਸਿੱਖੀ ਸਿਦਕ ਤੋਂ ਸਾਨੂੰ ਪ੍ਰੇਰਣਾ ਲੈਣ ਦੀ ਲੋੜ ਹੈ, ਜੋ ਉਨ੍ਹਾਂ ਦਾ ਸਿੱਖੀ ਤੇ ਮਨੁੱਖਤਾ ਨਾਲ ਇੰਨਾ ਪਿਆਰ ਸੀ ਕਿ ਉਹ ਮੁਗਲ ਹਕੂਮਤ ਅੱਗੇ ਨਾ ਝੁਕੇ, ਇਸਲਾਮ ਕਬੂਲ ਨਾ ਕੀਤਾ ਤੇ ਮਨੁੱਖਤਾ ਲਈ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਵੱਡੇ ਸਾਹਿਬਜ਼ਾਦਿਆਂ ਦੀ ਜੰਗ ਦੇ ਮੈਦਾਨ ’ਚ ਸ਼ਹਾਦਤ ਹੋਈ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ’ਚ ਚਿਣਵਾ ਦਿੱਤਾ ਗਿਆ। ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਸਾਡੀ ਹੋਂਦ ਹੈ। ਉਨ੍ਹਾਂ ਕਿਹਾ ਕਿ ਪਰ ਕੁਝ ਲੋਕ ਕੁਝ ਪੈਸਿਆਂ ਲਈ ਆਪਣੇ ਜ਼ਮੀਰ ਨੂੰ ਵੇਚ ਰਹੇ ਹਨ, ਪੈਸਿਆਂ ਲਈ ਧਰਮ ਪਰਿਵਰਤਨ ਕਰ ਰਹੇ ਹਨ, ਉਨ੍ਹਾਂ ਲੋਕਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੋਚਣਾ ਚਾਹੀਦਾ ਹੈ, ਜੋ ਉਨ੍ਹਾਂ ਨੇ ਸ਼ਹੀਦੀਆਂ ਦੇ ਕੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ, ਸਿੱਖੀ ਸਿਦਕ ਨਿਭਾਇਆ ਤੇ ਗੁਰੂ ਦਾ ਸਾਥ ਨਹੀ ਛੱਡਿਆ। ਅੱਜ ਉਨ੍ਹਾਂ ਲੋਕਾਂ ਨੂੰ ਸਮਝਣ ਦੀ ਲੋੜ ਹੈ। ਜਥੇਦਾਰ ਖ਼ਾਲਸਾ ਵੱਲੋਂ ਬੱਚਿਆਂ ਦੇ ਸਿੱਖੀ ਪ੍ਰਤੀ ਉਤਸ਼ਾਹ ਵੇਖ ਕੇ ਬੱਚਿਆਂ ਨੂੰ ਇਨਾਮ ਦਿੱਤੇ ਗਏ ਤੇ ‘ਸੰਤ ਜਵਾਲਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ’ ਦਾ ਵਿਸ਼ੇਸ਼ ਤੌਰ ’ਤੇ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਅਕੈਡਮੀ ਚਲਾ ਰਹੇ ਅਕੈਡਮੀ ਦੇ ਮੁਖੀ ਭਾਈ ਸੁਰਜੀਤ ਸਿੰਘ ਸੇਵਕ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖੀ ਨਾਲ ਜੋੜਨ ਲਈ ਯਤਨਸ਼ੀਲ ਹਨ, ਬੱਚਿਆਂ ਦੇ ਚੰਗੇ ਭਵਿੱਖ ਨੂੰ ਧਿਆਨ ’ਚ ਰੱਖਦਿਆਂ ਇਹ ਉਪਰਾਲਾ ਸ਼ਲਾਘਾਯੋਗ ਹੈ। ਇਸ ਮੌਕੇ ਠੇਕੇਦਾਰ ਹਰਦੇਵ ਸਿੰਘ ਗਰਚਾ, ਆਰਟਿਸਟ ਸਾਹਿਬ ਸਿੰਘ, ਹਜ਼ੂਰੀ ਰਾਗੀ ਭਾਈ ਕਮਲਜੀਤ ਸਿੰਘ, ਭਾਈ ਸੁਰਜੀਤ ਸਿੰਘ ਸੇਵਕ ਆਦਿ ਹਾਜ਼ਰ ਸਨ।