ਗੈਸ ਏਜੰਸੀਆਂ ਨੂੰ ਹੁਕਮ ਜਾਰੀ, ਮਜ਼ਦੂਰਾਂ ਨੂੰ ਮਿਲਣਗੇ ਪੰਜ ਕਿੱਲੋ ਦੇ ਗੈਸ ਸਿਲੰਡਰ
ਗੈਸ ਏਜੰਸੀਆਂ ਨੂੰ ਜਾਰੀ ਹੋਏ ਆਦੇਸ਼, ਹੁਣ ਮਜ਼ਦੂਰਾਂ ਨੂੰ ਮਿਲਣਗੇ ਪੰਜ ਕਿਲੋ ਦੇ ਗੈਸ ਸਿਲੰਡਰ
Publish Date: Mon, 06 Apr 2026 10:04 PM (IST)
Updated Date: Mon, 06 Apr 2026 10:08 PM (IST)

-ਉਦਯੋਗ ਦੇ ਪ੍ਰਮਾਣਿਤ ਲੈਟਰ ਹੈੱਡ ਦੇ ਆਧਾਰ ’ਤੇ ਕੀਤੀ ਜਾਵੇਗੀ ਡਲਿਵਰੀ -ਉਦਯੋਗਪਤੀਆਂ ਜ਼ਰੀਏ ਵੀ ਦਿੱਤੀ ਜਾ ਸਕਦੀ ਹੈ ਸਪਲਾਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਲਪੀਜੀ ਦੀ ਕਮੀ ਨਾਲ ਪਰੇਸ਼ਾਨ ਮਜ਼ਦੂਰਾਂ ਦੀ ਹਿਜਰਤ ਨੂੰ ਰੋਕਣ ਲਈ ਉਨ੍ਹਾਂ ਨੂੰ ਪੰਜ ਕਿੱਲੋ ਦੇ ਗੈਸ ਸਿਲੰਡਰ ਦੇਣ ਦਾ ਰਾਹ ਸਾਫ ਹੋ ਗਿਆ ਹੈ। ਹੁਣ ਉਹ ਆਪਣੇ ਨੇੜਲੇ ਗੈਸ ਏਜੰਸੀ ਤੋਂ ਪੰਜ ਕਿੱਲੋ ਦਾ ਗੈਸ ਸਿਲੰਡਰ ਲੈ ਸਕਣਗੇ। ਇਸ ਮਾਮਲੇ ’ਚ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਪਿਛਲੇ ਕਈ ਦਿਨਾਂ ਤੋਂ ਕੋਸ਼ਿਸ਼ਾਂ ਜਾਰੀ ਸਨ। ਇਸ ਦੌਰਾਨ ਜ਼ਿਲ੍ਹਾ ਖਾਦ ਤੇ ਸਪਲਾਈ ਅਧਿਕਾਰੀ ਨਰਿੰਦਰ ਸਿੰਘ ਵੱਲੋਂ ਉਦਯੋਗਿਕ ਸੰਸਥਾਵਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਤੇ ਗੈਸ ਵੰਡ ’ਚ ਪਾਰਦਰਸ਼ਤਾ ਬਣਾਈ ਰੱਖਣ ਲਈ ਆਇਲ ਕੰਪਨੀਆਂ ਦੇ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਗਿਆ। ਸੋਮਵਾਰ ਨੂੰ ਗੈਸ ਏਜੰਸੀਆਂ ਨੂੰ ਪੰਜ ਕਿੱਲੋ ਦੇ ਗੈਸ ਸਿਲਿੰਡਰ ਜਾਰੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਦਯੋਗਪਤੀਆਂ ਨੇ ਮਜ਼ਦੂਰਾਂ ਨੂੰ ਗੈਸ ਸਿਲੰਡਰ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ, ਜਿਸ ’ਤੇ ਖਾਦ ਅਤੇ ਸਪਲਾਈ ਵਿਭਾਗ ਨੇ ਦਰਮਿਆਨਾ ਰਾਹ ਕੱਢਿਆ ਹੈ। ਜ਼ਿਲ੍ਹਾ ਖੁਰਾਕ ਤੇ ਸਪਲਾਈ ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਪਹਿਲੀ ਵਾਰ ਪੰਜ ਕਿੱਲੋ ਗੈਸ ਸਮੇਤ ਸਿਲਿੰਡਰ ਲਈ 1517 ਰੁਪਏ ਦੇਣੇ ਹੋਣਗੇ। ਇਸ ਤੋਂ ਬਾਅਦ 573 ਰੁਪਏ ਵਿੱਚ ਪੰਜ ਕਿੱਲੋ ਗੈਸ ਸਿਲੰਡਰ ਭਰਵਾਇਆ ਜਾ ਸਕੇਗਾ। ਇਸ ਲਈ ਮਜ਼ਦੂਰ ਨੂੰ ਆਪਣੇ ਕੰਮ ਵਾਲੇ ਉਦਯੋਗ ਤੋਂ ਪ੍ਰਮਾਣਿਤ ਲੈਟਰ ਹੈੱਡ ਲਿਆਉਣਾ ਹੋਵੇਗਾ, ਜਿਸ ਦੇ ਆਧਾਰ ’ਤੇ ਸਿਲੰਡਰ ਜਾਰੀ ਕੀਤਾ ਜਾਵੇਗਾ। ------------------------- ਉਦਯੋਗਾਂ ਵੱਲੋਂ ਆਪਣੇ ਪੱਧਰ ’ਤੇ ਲਏ ਜਾਣਗੇ 20 ਸਿਲੰਡਰ ਪੰਜ ਕਿੱਲੋ ਦੇ ਗੈਸ ਸਿਲੰਡਰ ਦੀ ਸਪਲਾਈ ਫਿਲਹਾਲ ਉਦਯੋਗਾਂ ਦੇ ਪ੍ਰਮਾਣਿਤ ਲੈਟਰਹੈੱਡ ਜ਼ਰੀਏ ਕੀਤੀ ਜਾਵੇਗੀ। ਆਉਣ ਵਾਲੇ ਦਿਨਾਂ ’ਚ ਇਹ ਸਪਲਾਈ ਸਿੱਧੀ ਉਦਯੋਗਪਤੀਆਂ ਰਾਹੀਂ ਵੀ ਦਿੱਤੀ ਜਾ ਸਕਦੀ ਹੈ। ਇਸ ਬਾਰੇ ਸੰਕੇਤ ਖਾਦ ਤੇ ਸਪਲਾਈ ਵਿਭਾਗ ਤੇ ਉਦਯੋਗਪਤੀਆਂ ਦੀ ਮੀਟਿੰਗ ’ਚ ਦਿੱਤੇ ਗਏ ਹਨ। ਇਸ ਨਾਲ ਵੱਡੀਆਂ ਇੰਡਸਟਰੀਆਂ ਵੱਲੋਂ ਵੱਧ ਤੋਂ ਵੱਧ 20 ਸਿਲੰਡਰ ਆਪਣੇ ਪੱਧਰ ’ਤੇ ਲਏ ਜਾ ਸਕਣਗੇ। ਹਾਲਾਂਕਿ, ਇਸ ਲਈ ਉਨ੍ਹਾਂ ਨੂੰ ਮਜ਼ਦੂਰਾਂ ਦੇ ਆਧਾਰ ਕਾਰਡ ਜਾਂ ਆਪਣੇ ਉਦਯੋਗ ਦਾ ਲੈਟਰ ਹੈੱਡ ਦੇਣਾ ਹੋਵੇਗਾ।