ਜੋਤੀ ਨਗਰ ਡੰਪ ਦਾ ਮੁੜ ਵਿਰੋਧ, ਮੇਅਰ ਨਾਲ ਮਿਲੇ ਕੌਂਸਲਰ
ਜੋਤੀ ਨਗਰ ਡੰਪ ਦਾ ਫਿਰ ਵਿਰੋਧ, ਸ਼ਿਫਟ ਕਰਨ ਦੀ ਮੰਗ ਨੂੰ ਲੈ ਕੇ ਮੇਅਰ ਨਾਲ ਮਿਲੇ ਕੌਂਸਲਰ
Publish Date: Tue, 17 Mar 2026 09:49 PM (IST)
Updated Date: Tue, 17 Mar 2026 09:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੈਂਟ ਵਿਧਾਨ ਸਭਾ ਖੇਤਰ ’ਚ ਜੋਤੀ ਨਗਰ ਡੰਪ ਸਾਈਟ ਨੂੰ ਲੈ ਕੇ ਇਕ ਵਾਰ ਫਿਰ ਇਲਾਕਾ ਵਾਸੀਆਂ ਨੇ ਵਿਰੋਧ ਕੀਤਾ ਹੈ। ਮੰਗਲਵਾਰ ਨੂੰ ਕੌਂਸਲਰ ਮਿੰਟੂ ਜੁਨੇਜਾ ਤੇ ਕੌਂਸਲਰ ਕੰਵਰ ਸਰਤਾਜ ਸਿੰਘ ਨਾਲ ਰਲ ਕੇ ਇਲਾਕਾ ਵਾਸੀ ਮੇਅਰ ਨਾਲ ਮਿਲਣ ਪੁੱਜੇ। ਉਨ੍ਹਾਂ ਨੇ ਕਿਹਾ ਕਿ ਜੋਤੀ ਨਗਰ ਡੰਪ ’ਤੇ ਮਾਡਲ ਟਾਊਨ ਤੋਂ ਲੈ ਕੇ 66 ਫੁੱਟ ਰੋਡ ਤੱਕ ਦੇ ਇਲਾਕਿਆਂ ਦਾ ਕੂੜਾ ਆ ਰਿਹਾ ਹੈ। ਇਸ ਕਾਰਨ ਡੰਪ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ ਜਿਊਣਾ ਮੁਸ਼ਕਲ ਹੋ ਗਿਆ ਹੈ। ਕੌਂਸਲਰ ਮਿੰਟੂ ਜੁਨੇਜਾ ਤੇ ਕੰਵਰ ਸਰਤਾਜ ਨੇ ਕਿਹਾ ਕਿ ਡੰਪ ਦੀ ਪਿਛਲੀ ਸਾਈਡ ਦੀ ਕੰਧ ਟੁੱਟ ਚੁੱਕੀ ਹੈ ਤੇ ਕੂੜਾ ਰੇਲ ਲਾਈਨਾਂ ਤੱਕ ਪਹੁੰਚ ਗਿਆ ਹੈ। ਰੇਲ ਲਾਈਨਾਂ ਨੇੜੇ ਰਹਿਣ ਵਾਲੇ ਲੋਕਾਂ ਲਈ ਘਰਾਂ ’ਚ ਰਹਿਣਾ ਔਖਾ ਹੋ ਗਿਆ ਹੈ। ਗੰਦਗੀ ਤੇ ਬਦਬੂ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਹੈ। ਉਨ੍ਹਾਂ ਨੇ ਦੱਸਿਆ ਕਿ ਡੰਪ ’ਤੇ ਹਰ ਰੋਜ਼ ਸੈਂਕੜਿਆਂ ਰੇਹੜੀਆਂ ਕੂੜਾ ਲੈ ਕੇ ਆਉਂਦੀਆਂ ਹਨ। ਇਹ ਕੂੜਾ ਕਈ ਇਲਾਕਿਆਂ ਤੋਂ ਆ ਰਿਹਾ ਹੈ। ਮਾਡਲ ਟਾਊਨ ਡੰਪ ਬੰਦ ਹੋਣ ਤੋਂ ਬਾਅਦ ਉਥੇ ਦਾ ਕੂੜਾ ਵੀ ਜੋਤੀ ਨਗਰ ਡੰਪ ’ਤੇ ਹੀ ਆ ਰਿਹਾ ਹੈ ਤੇ 66 ਫੁੱਟ ਰੋਡ ਦੇ ਰਿਹਾਇਸ਼ੀ ਇਲਾਕਿਆਂ ਦਾ ਕੂੜਾ ਵੀ ਇੱਥੇ ਹੀ ਸੁੱਟਿਆ ਜਾ ਰਿਹਾ ਹੈ। ਇਹ ਕੂੜਾ ਵਰਿਆਣਾ ਡੰਪ ’ਤੇ ਭੇਜਣਾ ਵੀ ਮੁਸ਼ਕਲ ਹੋ ਰਿਹਾ ਹੈ ਤੇ ਸਵੇਰੇ ਤੋਂ ਰਾਤ ਤੱਕ ਇੱਥੇ ਮਸ਼ੀਨਾਂ ਕੰਮ ਕਰਦੀਆਂ ਰਹਿੰਦੀਆਂ ਹਨ। ਮਿੰਟੂ ਜੁਨੇਜਾ ਨੇ ਕਿਹਾ ਕਿ ਆਖਰ ਦੂਜੇ ਇਲਾਕਿਆਂ ਦਾ ਕੂੜਾ ਜੋਤੀ ਨਗਰ ’ਚ ਕਿਉਂ ਲਿਆਂਦਾ ਜਾ ਰਿਹਾ ਹੈ। ਕੰਵਰ ਸਰਤਾਜ ਨੇ ਕਿਹਾ ਕਿ ਪੁੱਡਾ ਮਾਰਕੀਟ ’ਚ ਕਰੋੜਾਂ ਰੁਪਏ ਦੇ ਸ਼ੋਅਰੂਮ ਲੈਣ ਵਾਲਿਆਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਡੰਪ ਸਾਈਟ ਦੀ ਪਿਛਲੀ ਕੰਧ ਡਿੱਗ ਚੁੱਕੀ ਹੈ ਤੇ ਰੇਲਵੇ ਲਾਈਨ ਪਾਰ ਕਰਕੇ ਜਿੱਥੇ ਘਰ ਹਨ, ਉੱਥੇ ਵੀ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਹਾਲਾਂਕਿ ਮੇਅਰ ਨੇ ਐਕਸੀਅਨ ਰਾਮਪਾਲ ਨੂੰ ਡੰਪ ਸਾਈਟ ਨੂੰ ਪੂਰੀ ਤਰ੍ਹਾਂ ਕਵਰ ਕਰਨ ਦੇ ਨਿਰਦੇਸ਼ ਦਿੱਤੇ ਹਨ ਪਰ ਕੌਂਸਲਰਾਂ ਦੀ ਮੰਗ ਹੈ ਕਿ ਇਸ ਡੰਪ ਨੂੰ ਪੂਰੀ ਤਰ੍ਹਾਂ ਸ਼ਿਫਟ ਕੀਤਾ ਜਾਵੇ।