ਵਿਕਸਿਤ ਭਾਰਤ ਦਾ ਸੁਪਨਾ ਵਿਦਿਆਰਥੀ ਤੇ ਅਧਿਆਪਕ ਹੀ ਕਰਨਗੇ ਸਾਕਾਰ : ਰਾਜਪਾਲ
ਵਿਕਸਿਤ ਭਾਰਤ ਦਾ ਸੁਪਨਾ ਵਿਦਿਆਰਥੀ ਤੇ ਅਧਿਆਪਕ ਹੀ ਸਾਕਾਰ ਕਰਨਗੇ: ਰਾਜਪਾਲ
Publish Date: Tue, 14 Apr 2026 10:28 PM (IST)
Updated Date: Tue, 14 Apr 2026 10:30 PM (IST)

-ਡੀਏਵੀ ਕਾਲਜ ’ਚ 90ਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ, 160 ਹੋਣਹਾਰਾਂ ਨੂੰ ਇਨਾਮ ਦੇ ਕੇ ਕੀਤਾ ਸਨਮਾਨਿਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਫਲਤਾ ਉਨਾਂ ਨੂੰ ਹੀ ਮਿਲਦੀ ਹੈ, ਜੋ ਆਪਣੇ ਟੀਚੇ ਪ੍ਰਤੀ ਪੂਰੀ ਨਿਸ਼ਠਾ ਤੇ ਇਮਾਨਦਾਰੀ ਨਾਲ ਕੰਮ ਕਰਦੇ ਹਨ। ਇਹ ਵਿਚਾਰ ਸਾਂਝੇ ਕਰਦੇ ਹੋਏ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਜੀਵਨ ਦਾ ਟੀਚਾ ਤੈਅ ਕਰਨ ਤੇ ਉਸ ਨੂੰ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਜੀਵਨ ’ਚ ਕਈ ਰੁਕਾਵਟਾਂ ਤੇ ਮੁਸ਼ਕਲਾਂ ਆਉਣਗੀਆਂ ਪਰ ਆਤਮ-ਵਿਸ਼ਵਾਸ ਤੇ ਇਮਾਨਦਾਰੀ ਨਾਲ ਮਿਹਨਤ ਕਰਦੇ ਰਹਿਣਾ ਜ਼ਰੂਰੀ ਹੈ। ਰਾਜਪਾਲ ਨੇ ਇਹ ਪ੍ਰੇਰਨਾਦਾਇਕ ਸੰਦੇਸ਼ ਡੀਏਵੀ ਕਾਲਜ ’ਚ ਕਰਵਾਏ 90ਵੇਂ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮਿਹਨਤ ਤੇ ਦ੍ਰਿੜ ਇਰਾਦੇ ਦੀ ਮਹੱਤਤਾ ਸਮਝਾਉਂਦੇ ਹੋਏ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਇੱਜ਼ਤ ਉਸ ਦੇ ਕਰਮ ਤੇ ਸਲੂਕ ਨਾਲ ਤੈਅ ਹੁੰਦੀ ਹੈ, ਨਾ ਕਿ ਉਸਦੇ ਅਹੁਦੇ ਨਾਲ। ਸਵਾਮੀ ਦਿਆਨੰਦ ਸਰਸਵਤੀ ਦੇ ਵਿਚਾਰਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਸਮਾਜ ਲਈ ਲਾਭਕਾਰੀ ਬਣਨਾ ਹੈ। ਮਹਿਲਾ ਸਿੱਖਿਆ ਦੇ ਖੇਤਰ ’ਚ ਡੀਏਵੀ ਕਾਲਜ ਦੀ ਅਗਵਾਈ ਭੂਮਿਕਾ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਅੱਜ ਯੂਨੀਵਰਸਿਟੀ ਦੇ ਸੁਨਹਿਰੇ ਤਮਗੇ ਵੱਧਤਰ ਲੜਕੀਆਂ ਜਿੱਤ ਰਹੀਆਂ ਹਨ, ਜੋ ਇਸ ਪਰੰਪਰਾ ਦਾ ਸਬੂਤ ਹੈ। ਰਾਜਪਾਲ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਨੈਤਿਕ ਜੀਵਨ ਤੇ ਸਮਾਜ ਸੇਵਾ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਵਿਕਸਿਤ ਭਾਰਤ @2047 ਦਾ ਸੁਪਨਾ ਅੱਜ ਦੇ ਵਿਦਿਆਰਥੀ ਤੇ ਅਧਿਆਪਕ ਹੀ ਸਾਕਾਰ ਕਰਨਗੇ। ਇਸ ਮੌਕੇ ‘ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਵੀ ਮੌਜੂਦ ਸਨ। ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਤੇ ਪ੍ਰਿੰਸੀਪਲ ਅਨੂਪ ਕੁਮਾਰ ਵਤਸ ਨੇ 160 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਅਕਾਦਮਿਕ, ਖੇਡਾਂ ਤੇ ਸੱਭਿਆਚਾਰਕ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਾਬਕਾ ਸੰਸਦ ਮੈਂਬਰ ਖੰਨਾ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਅਪਣਾ ਕੇ ਹੀ ਇਕ ਵਧੀਆ ਨਾਗਰਿਕ ਬਣਿਆ ਜਾ ਸਕਦਾ ਹੈ। ------------------------ ਕਾਲਜ ਦਾ ਵੱਖ-ਵੱਖ ਸਰਗਰਮੀਆਂ ’ਚ ਕਰ ਰਿਹੈ ਸ਼ਾਨਦਾਰ ਪ੍ਰਦਰਸ਼ਨ : ਡਾ. ਵਤਸ ਪ੍ਰਿੰਸੀਪਲ ਡਾ. ਅਨੂਪ ਕੁਮਾਰ ਵਤਸ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸੰਸਥਾ ਦੀਆਂ ਉਪਲੱਬਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਾਲਜ ਲਗਾਤਾਰ ਸਿੱਖਿਆ, ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਵਿਦਿਆਰਥੀਆਂ ਦੀ ਮਿਹਨਤ ਤੇ ਅਧਿਆਪਕਾਂ ਦੇ ਸਮਰਪਣ ਨੂੰ ਸਫਲਤਾ ਦਾ ਅਧਾਰ ਦੱਸਿਆ। ਇਸ ਮੌਕੇ ’ਤੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵਿੱਚ ਡਾਂਸ, ਸੰਗੀਤ ਅਤੇ ਨਾਟਕ ਪੇਸ਼ਕਾਰੀਆਂ ਨੇ ਸਭ ਨੂੰ ਮੋਹ ਲਿਆ। ਇਸ ਸਮਾਗਮ ਵਿੱਚ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਇੰਦਰਜੀਤ ਤਲਵਾਰ, ਡਾ. ਵਿਜੇ ਮਹਾਜਨ, ਵਾਈਕੇ ਸੂਦ, ਡਾ. ਸੁਸ਼ਮਾ ਸ਼ਰਮਾ, ਵਿਮਲ ਜੈਨ, ਡਾ. ਰਵਿੰਦਰ ਵਰਮਾ, ਨਵਨੀਤ ਜੈਨ, ਕਾਲਜ ਦੇ ਉਪ-ਪ੍ਰਿੰਸੀਪਲ ਪ੍ਰੋ. ਕੁੰਵਰ ਰਾਜੀਵ, ਪ੍ਰੋ. ਸੋਨਿਕਾ ਦਾਨੀਆ, ਰਜਿਸਟਰਾਰ ਪ੍ਰੋ. ਅਸ਼ੋਕ ਕਪੂਰ, ਉਪ-ਰਜਿਸਟਰਾਰ ਪ੍ਰੋ. ਮਨਿਸ਼ ਖੰਨਾ ਆਦਿ ਹਾਜ਼ਰ ਸਨ।