ਪੰਜ ਏਟੀਵੀਐੱਮ ਮਸ਼ੀਨਾਂ ਲਈ ਸਿਰਫ਼ ਇਕ ਆਪਰੇਟਰ, ਯਾਤਰੀਆਂ ਨੂੰ ਪਰੇਸ਼ਾਨੀ
ਪੰਜ ਏਟੀਵੀਐੱਮ ਮਸ਼ੀਨਾਂ ਲਈ ਸਿਰਫ਼ ਇੱਕ ਆਪਰੇਟਰ, ਯਾਤਰੀਆਂ ਨੂੰ ਪਰੇਸ਼ਾਨੀ
Publish Date: Sun, 01 Mar 2026 10:01 PM (IST)
Updated Date: Mon, 02 Mar 2026 04:16 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੋਲੀ ਦੇ ਮੱਦੇਨਜ਼ਰ ਰੇਲਵੇ ਸਟੇਸ਼ਨਾਂ ’ਤੇ ਭੀੜ ਵੱਧ ਗਈ ਹੈ। ਟ੍ਰੇਨਾਂ ਭਰ ਕੇ ਚੱਲ ਰਹੀਆਂ ਹਨ ਤੇ ਯਾਤਰੀਆਂ ਨੂੰ ਘੰਟਿਆਂ ਰੇਲਵੇ ਸਟੇਸ਼ਨ ’ਤੇ ਬੈਠ ਕੇ ਇੰਤਜ਼ਾਰ ਕਰਨਾ ਪੈ ਰਿਹਾ ਹੈ। ਹੋਲੀ ਨੂੰ ਧਿਆਨ ’ਚ ਰੱਖਦੇ ਹੋਏ ਫਿਰੋਜ਼ਪੁਰ ਮੰਡਲ ਨੇ ਯਾਤਰੀਆਂ ਦੀ ਸਹੂਲਤ ਤੇ ਵੇਟਿੰਗ ਲਿਸਟ ਘਟਾਉਣ ਲਈ ਚਾਰ ਮੁੱਖ ਐਕਸਪ੍ਰੈੱਸ ਟ੍ਰੇਨਾਂ ’ਚ ਸਲੀਪਰ ਸ਼੍ਰੇਣੀ ਦਾ ਇੱਕ ਵਾਧੂ ਕੋਚ ਲਗਾਉਣ ਦਾ ਫੈਸਲਾ ਕੀਤਾ ਹੈ। ਸਿਟੀ ਰੇਲਵੇ ਸਟੇਸ਼ਨ ’ਤੇ ਏਟੀਵੀਐੱਮ (ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨ) ਪੰਜ ਲੱਗੀਆਂ ਹੋਈਆਂ ਹਨ ਪਰ ਉਨ੍ਹਾਂ ਨੂੰ ਚਲਾਉਣ ਲਈ ਸਿਰਫ਼ ਇਕ ਆਪਰੇਟਰ ਹੈ। ਕਈ ਯਾਤਰੀਆਂ ਨੂੰ ਮਸ਼ੀਨਾਂ ਚਲਾਉਣੀ ਨਹੀਂ ਆਉਂਦੀ ਅਤੇ ਇਕ ਆਪਰੇਟਰ ਲਈ ਪੰਜ ਮਸ਼ੀਨਾਂ ਸੰਭਾਲਣੀਆਂ ਮੁਸ਼ਕਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਮਸ਼ੀਨ ਚਲਾਉਣੀ ਨਹੀਂ ਆਉਂਦੀ, ਉਨਾਂ ਨੂੰ ਟਿਕਟ ਕਾਊਂਟਰ ਤੋਂ ਟਿਕਟ ਲੈਣੀ ਪੈਂਦੀ ਹੈ। ਯਾਤਰੀਆਂ ਦੀ ਸਹੂਲਤ ਲਈ ਮਸ਼ੀਨਾਂ ਵਿੱਚ ਟ੍ਰੇਨ ਬੁਕਿੰਗ ਦੌਰਾਨ ਯੂਪੀਆਈ ਤੇ ਪੇਟੀਐੱਮ ਰਾਹੀਂ ਭੁਗਤਾਨ ਦੀ ਸਹੂਲਤ ਵੀ ਦਿੱਤੀ ਗਈ ਹੈ। ਭੁਗਤਾਨ ਹੋਣ ਤੋਂ ਬਾਅਦ ਮਸ਼ੀਨ ਦੇ ਸਾਹਮਣੇ ਹੀ ਟਿਕਟ ਨਿਕਲ ਆਉਂਦੀ ਹੈ। ---------------------- ਰੇਲਵੇ ਸਟੇਸ਼ਨ ’ਤੇ ਪੰਜਾਹ ਸੁਰੱਖਿਆ ਕਰਮੀ ਤੈਨਾਤ ਯਾਤਰੀਆਂ ਦੀ ਸਹੂਲਤ ਲਈ ਪੰਜਾਹ ਤੋਂ ਵੱਧ ਸੁਰੱਖਿਆ ਕਰਮੀ ਤੈਨਾਤ ਕੀਤੇ ਗਏ ਹਨ ਜੋ ਦੋ ਸ਼ਿਫਟਾਂ ’ਚ ਕੰਮ ਕਰ ਰਹੇ ਹਨ। 10 ਤੋਂ 15 ਸਕਾਊਟ ਐਂਡ ਗਾਈਡ ਵੀ ਲਗਾਏ ਗਏ ਹਨ ਜੋ ਯਾਤਰੀਆਂ ਦੀ ਭੀੜ ’ਤੇ ਨਿਗਰਾਨੀ ਕਰਦੇ ਹਨ। ਸਟੇਸ਼ਨ ਦੇ ਸਰਕੂਲੇਟਿੰਗ ਏਰੀਆ ਵਿੱਚ ਮੈਟ ਵਿਛਾ ਕੇ ਟੈਂਟ ਲਗਾਏ ਗਏ ਹਨ ਜਿਸ ਨਾਲ ਭੀੜ ਨੂੰ ਕਾਬੂ ਕਰਨ ਅਤੇ ਯਾਤਰੀਆਂ ਨੂੰ ਬੈਠਣ ਤੇ ਆਰਾਮ ਕਰਨ ਵਿੱਚ ਸਹੂਲਤ ਮਿਲ ਰਹੀ ਹੈ। ------------------------ ਯਾਤਰੀ ਰੇਲ ਵਨ ਐਪ ਦੀ ਸਹੂਲਤ ਦਾ ਲੈ ਸਕਦੇ ਹਨ ਲਾਭ ਰੇਲਵੇ ਵਿਭਾਗ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਰੇਲ ਵਨ ਐਪ ’ਤੇ ਯੂਟੀਐਸ ਅਤੇ ਆਈਆਰਸੀਟੀਸੀ ਦੋਹਾਂ ਤਰ੍ਹਾਂ ਦੀਆਂ ਟਿਕਟਾਂ ਦੀ ਸਹੂਲਤ ਦਿੱਤੀ ਗਈ ਹੈ। ਡਿਜ਼ੀਟਲ ਭੁਗਤਾਨ ਕਰਨ ਵਾਲੇ ਯਾਤਰੀਆਂ ਨੂੰ ਤਿੰਨ ਫੀਸਦੀ ਤੱਕ ਦੀ ਛੂਟ ਵੀ ਮਿਲੇਗੀ। ਟਿਕਟ ਬੁਕਿੰਗ ਲਈ ਯੂਪੀਆਈ, ਡੈਬਿਟ ਕਾਰਡ, ਕਰੈਡਿਟ ਕਾਰਡ, ਨੈੱਟ ਬੈਂਕਿੰਗ ਅਤੇ ਆਰ-ਵਾਲੇਟ ਵਰਗੇ ਕਈ ਵਿਕਲਪ ਉਪਲਬਧ ਹਨ। ਯਾਤਰੀ ਐਪ ਰਾਹੀਂ ਡਿਜ਼ੀਟਲ ਭੁਗਤਾਨ ਕਰ ਸਕਦੇ ਹਨ। --------------------- ਯਾਤਰੀਆਂ ਦੀ ਸਹੂਲਤ ਲਈ ਲਾਇਆ ਹੈਲਥ ਚੈਕਅਪ ਕੈਂਪ ਯਾਤਰੀਆਂ ਦੀ ਸਹੂਲਤ ਲਈ ਵਿਭਾਗ ਵੱਲੋਂ ਹੈਲਥ ਚੈਕਅਪ ਕੈਂਪ ਲਗਾਇਆ ਗਿਆ ਹੈ, ਜਿਸ ’ਚ ਯਾਤਰੀਆਂ ਦੇ ਮੈਡੀਕਲ ਟੈਸਟ ਕੀਤੇ ਜਾ ਰਹੇ ਹਨ। ਇਸ ਲਈ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।