ਚੈੱਕ ਬਾਊਂਸ ਮਾਮਲੇ ’ਚ ਇਕ ਸਾਲ ਦੀ ਸਜ਼ਾ
ਜਾਸ, ਜਲੰਧਰ : ਜਲੰਧਰ
Publish Date: Thu, 09 Apr 2026 07:59 PM (IST)
Updated Date: Thu, 09 Apr 2026 08:02 PM (IST)
ਜਾਸ, ਜਲੰਧਰ : ਜਲੰਧਰ ਦੀ ਜੇਐੱਮਆਈਸੀ ਅਦਾਲਤ ਦੇ ਜੱਜ ਵਰੁਨਦੀਪ ਚੋਪੜਾ ਨੇ ਚੈੱਕ ਬਾਊਂਸ ਦੇ ਇਕ ਅਹਿਮ ਮਾਮਲੇ ’ਚ ਫੈਸਲਾ ਸੁਣਾਉਂਦਿਆਂ ਹਰੀਸ਼ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਸੋਲਨ (ਹਿਮਾਚਲ ਪ੍ਰਦੇਸ਼) ਦੇ ਰਹਿਣ ਵਾਲੇ ਹਰੀਸ਼ ਐਂਟਰਪ੍ਰਾਈਜਿਜ਼ ਦੇ ਮਾਲਕ ਹਰੀਸ਼ ਕੁਮਾਰ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ, ਅਦਾਲਤ ਨੇ ਹੁਕਮ ਦਿੱਤਾ ਕਿ ਦੋਸ਼ੀ ਚੈੱਕ ਦੀ ਰਕਮ 3,05,287 ਰੁਪਏ ਦੇ ਤੌਰ 'ਤੇ ਹਰਜਾਨਾ ਸ਼ਿਕਾਇਤਕਰਤਾ ਨੂੰ ਅਦਾ ਕਰੇ।
ਜਾਣਕਾਰੀ ਦਿੰਦੇ ਹੋਏ ਸ਼ਿਕਾਇਤਕਰਤਾ ਐੱਮਡੀਟੀ ਇੰਡਸਟਰੀ ਪ੍ਰਾ. ਲਿਮ. ਗੁਰੂ ਰਾਮਦਾਸ ਐਨਕਲੇਵ, ਬਸਤੀ ਪੀਰ ਦਾਦ, ਜਲੰਧਰ ਦੇ ਵਕੀਲ ਰਾਜ ਕੁਮਾਰ ਭੱਲਾ ਨੇ ਦੱਸਿਆ ਕਿ ਹਰੀਸ਼ ਕੁਮਾਰ ਨੇ ਉਨ੍ਹਾਂ ਦੀ ਕੰਪਨੀ ਤੋਂ ਚਾਹ ਖਰੀਦੀ ਸੀ। ਇਸ ਬਦਲੇ 3,05,287 ਰੁਪਏ ਦਾ ਚੈੱਕ ਜਾਰੀ ਕੀਤਾ ਪਰ ਬੈਂਕ ’ਚ ਪੇਸ਼ ਕਰਨ 'ਤੇ ਉਹ ਬਾਊਂਸ ਹੋ ਗਿਆ। ਚੈੱਕ ਬਾਊਂਸ ਹੋਣ ਮਗਰੋਂ ਕੰਪਨੀ ਨੇ ਕਾਨੂੰਨੀ ਕਾਰਵਾਈ ਕਰਦਿਆਂ ਆਪਣੇ ਵਕੀਲ ਰਾਹੀਂ ਅਦਾਲਤ ’ਚ ਮਾਮਲਾ ਦਰਜ ਕਰਵਾਇਆ। ਸੁਣਵਾਈ ਦੌਰਾਨ ਸਾਰੇ ਸਬੂਤਾਂ ਤੇ ਤੱਥਾਂ ਨੂੰ ਧਿਆਨ ਵਿਚ ਰੱਖਦਿਆਂ ਅਦਾਲਤ ਨੇ ਦੋਸ਼ੀ ਮੰਨਦੇ ਹੋਏ ਸਜ਼ਾ ਸੁਣਾਈ ਤੇ ਹਰਜਾਨਾ ਦੇਣ ਦੇ ਹੁਕਮ ਵੀ ਜਾਰੀ ਕੀਤੇ।