ਵਾਲ਼ੀਆਂ ਝਪਟ ਕੇ ਭੱਜਦਾ ਇਕ ਲੁਟੇਰਾ ਕਾਬੂ, ਦੂਜਾ ਫ਼ਰਾਰ
ਮਹਿਲਾ ਦੀਆਂ ਵਾਲੀਆਂ ਝਪਟ ਭੱਜ ਰਿਹਾ ਇਕ ਲੁਟੇਰਾ ਕਾਬੂ, ਇਕ ਫਰਾਰ
Publish Date: Tue, 10 Feb 2026 06:19 PM (IST)
Updated Date: Tue, 10 Feb 2026 06:20 PM (IST)
-ਛਿੱਤਰ ਪਰੇਡ ਤੋਂ ਬਾਅਦ ਕੀਤਾ ਪੁਲਿਸ ਦੇ ਹਵਾਲੇ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਅੱਠ ਦੀ ਹੱਦ ’ਚ ਪੈਂਦੇ ਫੋਕਲ ਪੁਆਇੰਟ ’ਚ ਪੈਦਲ ਜਾ ਰਹੀ ਇਕ ਔਰਤ ਦੇ ਕੰਨਾਂ ’ਚੋਂ ਵਾਲੀਆਂ ਝਪਟ ਕੇ ਭੱਜ ਰਹੇ ਦੋ ਲੁਟੇਰਿਆਂ ’ਚੋਂ ਇਕ ਲੁਟੇਰੇ ਨੂੰ ਲੋਕਾਂ ਨੇ ਕਾਬੂ ਕਰ ਲਿਆ, ਜਦਕਿ ਦੂਜਾ ਭੱਜਣ ’ਚ ਕਾਮਯਾਬ ਹੋ ਗਿਆ। ਲੋਕਾਂ ਨੇ ਉਸ ਦੀ ਚੰਗੀ ਤਰ੍ਹਾਂ ਛਿੱਤਰ ਪਰੇਡ ਕਰਨ ਤੋਂ ਬਾਅਦ ਉਸਨੂੰ ਥਾਣਾ ਅੱਠ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮਨਜੀਤ ਕੌਰ ਵਾਸੀ ਪਠਾਨਕੋਟ ਚੌਕ ਕਿਸੇ ਕੰਮ ਲਈ ਪੈਦਲ ਫੋਕਲ ਪੁਆਇੰਟ ਵੱਲ ਜਾ ਰਹੀ ਸੀ, ਇਸ ਦੌਰਾਨ ਪਿੱਛੋਂ ਦੀ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਨੇ ਉਸ ਦੇ ਕੰਨ ’ਚੋਂ ਵਾਲੀਆਂ ਝਪਟ ਲਈਆਂ ਤੇ ਫਰਾਰ ਹੋਣ ਲੱਗੇ। ਉਸ ਨੇ ਰੌਲਾ ਪਾ ਦਿੱਤਾ ਜਿਸ ਨਾਲ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਮੋਟਰਸਾਈਕਲ ਨੂੰ ਘੇਰਾ ਪਾ ਲਿਆ। ਦੋਵੇਂ ਮੋਟਰਸਾਈਕਲ ਸਵਾਰ ਹੇਠਾਂ ਡਿੱਗ ਪਏ, ਜਿਨ੍ਹਾਂ ’ਚੋਂ ਇਕ ਨੂੰ ਲੋਕਾਂ ਨੇ ਕਾਬੂ ਕਰ ਲਿਆ ਜਦਕਿ ਦੂਜਾ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਉਸ ਦੀ ਚੰਗੀ ਤਰ੍ਹਾਂ ਭੁਗਤ ਸਵਾਰੀ ਤੇ ਥਾਣਾ ਅੱਠ ਦੀ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਕਤ ਲੁਟੇਰਾ ਜਿਸ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਪਿੰਡ ਚਾਚੋਵਾਲ ਦੇ ਰੂਪ ’ਚ ਹੋਈ ਹੈ, ਖਿਲਾਫ ਧਾਰਾ 304 3(5) ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਉਸ ਦੇ ਸਾਥੀ ਰਮਨ ਵਾਸੀ ਸਦਰ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ।