ਟਰੱਕ ਤੇ ਪਿਕਅੱਪ ਦੀ ਟੱਕਰ ’ਚ ਇਕ ਹਲਾਕ
ਟਰੱਕ ਤੇ ਪਿਕਅੱਪ ਦੀ ਟੱਕਰ ਵਿਚ ਇਕ ਹਲਾਕ
Publish Date: Fri, 06 Feb 2026 09:43 PM (IST)
Updated Date: Fri, 06 Feb 2026 09:47 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਲੋਹੀਆਂ-ਗਿੱਦੜਪਿੰਡੀ ਦੇ ਰਾਸ਼ਟਰੀ ਮਾਰਗ ’ਤੇ ਸਥਿਤ ਪਿੰਡ ਕਰ੍ਹਾ ਦੇ ਨੇੜੇ ਇਕ ਟਰੱਕ ਤੇ ਪਿਕਅੱਪ ’ਚ ਭਿਆਨਕ ਟੱਕਰ ਹੋ ਗਈ, ਜਿਸ ਨਾਲ ਜਿੱਥੇ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਉੱਥੇ ਟਰੱਕ ਡਰਾਈਵਰ ਦੀ ਥਾਂ ’ਤੇ ਹੀ ਮੌਤ ਹੋ ਜਾਣ ਦੀ ਸੂਚਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 11 ਵਜੇ ਦੇ ਕ੍ਰੀਬ ਪੀਬੀ 08 ਸੀ ਐੱਚ 9995 ਨੰਬਰ ਵਾਲਾ ਟਰੱਕ ਗਿੱਦੜ ਪਿੰਡੀ ਵੱਲੋਂ ਆ ਰਿਹਾ ਸੀ ਜਦ’ਕਿ ਪੀਬੀ-08-ਈਵੀ-8054 ਨੰਬਰ ਵਾਲੀ ਪਿਕ ਅੱਪ, ਟਰੈੱਕਟਰ ਦੇ ਮਗਰ ਪਾਉਣ ਵਾਲੀ ਟਰਾਲੀ ਨੂੰ ਲੈ ਕੇ ਗਿੱਦੜ ਪਿੰਡੀ ਵੱਲ ਨੂੰ ਜਾ ਰਹੀ ਸੀ ਕਿ ਪਿੰਡ ਕਰ੍ਹਾ ਦੇ ਨੇੜੇ ਦੋਹਾਂ ਦੀ ਟੱਕਰ ਹੋ ਗਈ। ਟੱਕਰ ਏਨੀ ਭਿਆਨਕ ਸੀ ਕਿ ਸਥਾਨਕ ਥਾਣੇ ਦੀ ਪੁਲਿਸ ਵੱਲੋਂ ਟਰੱਕ ਡਰਾਈਵਰ ਨੂੰ ਕੱਢਣ ਲਈ ਆਉਣ-ਜਾਣ ਵਾਲੀਆਂ ਗੱਡੀਆਂ ਰੋਕ ਕੇ ਬੜੀ ਮੁਸ਼ੱਕਤ ਨਾਲ ਜੱਦੋਜਹਿਦ ਕਰਨੀ ਪਈ ਪਰ ਡਰਾਈਵਰ ਦੇ ਪ੍ਰਾਣ ਪੰਖੇਰੂ ਉਡਾਰੀ ਮਾਰ ਚੁੱਕੇ ਸਨ। ਪਿਕਅੱਪ ਦੇ ਡਰਾਈਵਰ ਦਾ ਕੋਈ ਪਤਾ ਨਹੀਂ ਚੱਲ ਸਕਿਆ ਕਿ ਉਸਨੂੰ ਕਿਸੇ ਨੇ ਹਸਪਤਾਲ ਪਹੁੰਚਾ ਦਿੱਤਾ ਜਾਂ ਉਸ ਨਾਲ ਕੀ ਬੀਤੀ? ਪਿਕਅੱਪ ਦੇ ਮਗਰ ਪਾਈ ਹੋਈ ਟਰਾਲੀ ਦੇ ਮਾਲਕ ਮੌਕੇ ’ਤੇ ਪਹੁੰਚੇ ਹੋਏ ਸਨ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਇਹ ਟਰਾਲੀ ਉਨ੍ਹਾਂ ਨੇ ਨਵੀਂ ਬਣਵਾਈ ਹੈ ਤੇ ਟਰਾਲੀ ਬਣਾਉਣ ਵਾਲਿਆਂ ਨੇ ਟਰਾਲੀ ਉਨ੍ਹਾਂ ਦੇ ਘਰ ਪਿੰਡ ਹਰੀਕੇ ਵਿਖੇ ਪਹੁੰਚਾਉਣ ਦਾ ਕਰਾਰ ਕੀਤਾ ਹੋਇਆ ਸੀ। ਇਸ ਹਾਦਸੇ ਤੋਂ ਉਪ੍ਰੰਤ ਸਿਤਮਜ਼ਰੀਫ਼ੀ ਇਹ ਰਹੀ ਕਿ ਤੜਕੇ ਚਾਰ ਵਜੇ ਦੇ ਕਰੀਬ ਪੀਬੀ-66-ਏ-6400 ਨੰਬਰ ਵਾਲੀ ਕਾਰ ਲੋਹੀਆਂ ਵੱਲੋਂ ਗਿੱਦੜ ਪਿੰਡੀ ਵੱਲ ਨੂੰ ਜਾ ਰਹੀ ਸੀ ਕਿ ਡਰਾਈਵਰ ਨੂੰ ਕਾਫ਼ੀ ਦੂਰ ਤੋਂ ਹਾਦਸੇ ਦਾ ਅਹਿਸਾਸ ਹੋਣ ਤੇ ਉਹ ਘਬਰਾਹਟ ਵਿਚ ਕਾਰ ਨੂੰ ਕੰਟਰੋਲ ਵਿਚ ਨਹੀਂ ਰੱਖ ਸਕਿਆ ਤੇ ਕਾਰ ਖੱਬੇ ਪਾਸੇ ਨੂੰ ਮੁੜ ਗਈ ਜੋ ਰੇਲਵੇ ਦੀ ਬਿਜਲੀ ਕੰਪਨੀ ਦੇ ਸਟੋਰ ਦੀ ਕੰਧ ਢਾਹ ਕੇ ਰੁਕ ਗਈ। ਇਸ ਕਾਰ ਦੇ ਡਰਾਈਵਰ ਬਾਰੇ ਵੀ ਕਿਸੇ ਵੱਲੋਂ ਕੋਈ ਸੂਚਨਾ ਉਪਲੱਬਧ ਨਹੀਂ ਕਰਵਾਈ ਗਈ। ਸਥਾਨਕ ਥਾਣੇ ਦੀ ਪੁਲਿਸ ਵੱਲੋਂ ਟਰੱਕ ਡਰਾਈਵਰ ਦੀ ਲਾਸ਼ ਪੋਸਟ ਮਾਰਟਮ ਲਈ ਨਕੋਦਰ ਦੇ ਸਰਕਾਰੀ ਹਸਪਤਾਲ ਵਿਖੇ ਜਮ੍ਹਾਂ ਕਰਵਾਈ ਗਈ ਹੈ।