ਟਰੱਕ ਤੇ ਟਿੱਪਰ ਦੀ ਟੱਕਰ ’ਚ ਇਕ ਹਲਾਕ, ਦੂਜਾ ਜ਼ਖ਼ਮੀ
ਟਰੱਕ ਤੇ ਟਿੱਪਰ ਦੀ ਭਿਆਨਕ ਟੱਕਰ ’ਚ ਇਕ ਦੀ ਮੌਤ, ਦੂਜਾ ਗੰਭੀਰ ਜ਼ਖਮੀ
Publish Date: Tue, 03 Feb 2026 07:02 PM (IST)
Updated Date: Wed, 04 Feb 2026 04:08 AM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ ਕਿਸ਼ਨਗੜ੍ਹ : ਜਲੰਧਰ–ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਅੱਡਾ ਕਾਲਾ ਬੱਕਰਾ ਵਿਖੇ ਸਵੇਰੇ ਕਰੀਬ 8 ਵਜੇ ਇਕ ਟਰੱਕ (ਘੋੜਾ) ਤੇ ਟਿੱਪਰ ਦਰਮਿਆਨ ਹੋਈ ਭਿਆਨਕ ਟੱਕਰ ’ਚ ਟਰੱਕ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਟਿੱਪਰ ਚਾਰਕ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਸਵੇਰੇ ਕਿਸੇ ਰਾਹਗੀਰ ਵੱਲੋਂ ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਨੂੰ ਸੂਚਨਾ ਦਿੱਤੀ ਗਈ ਕਿ ਕਾਲਾ ਬੱਕਰਾ ਵਿਖੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਸੂਚਨਾ ਮਿਲਦੇ ਹੀ ਐੱਸਐੱਸਐੱਫ ਦੀ ਟੀਮ ਮੌਕੇ ’ਤੇ ਪਹੁੰਚੀ। ਜਾਂਚ ਦੌਰਾਨ ਪਤਾ ਲੱਗਿਆ ਕਿ ਜੰਮੂ ਨੰਬਰ ਦਾ ਇਕ ਟਰੱਕ, ਜੋ ਭੋਗਪੁਰ ਤੋਂ ਜਲੰਧਰ ਵੱਲ ਜਾ ਰਿਹਾ ਸੀ, ਜਿਸ ਨੂੰ ਬਖਸ਼ੀਰ ਮੁਹੰਮਦ ਬਾਬਾ ਵਾਸੀ ਜੰਮੂ-ਕਸ਼ਮੀਰ ਚਲਾ ਰਿਹਾ ਸੀ, ਕਾਲਾ ਬੱਕਰਾ ਨੇੜੇ ਟਾਇਰ ਪੈਂਚਰ ਹੋਣ ਕਾਰਨ ਸੜਕ ਕਿਨਾਰੇ ਖੜਾ ਕੀਤਾ ਗਿਆ ਸੀ। ਟਰੱਕ ਡਰਾਈਵਰ ਟਾਇਰਾਂ ਦੀ ਜਾਂਚ ਕਰ ਰਿਹਾ ਸੀ ਕਿ ਪਿੱਛੋਂ ਆ ਰਹੇ ਇਕ ਟਿੱਪਰ ਨੇ ਖੜੇ ਟਰੱਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਟਰੱਕ ਡਰਾਈਵਰ ਬਖਸ਼ੀਰ ਮੁਹੰਮਦ ਬਾਬਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟਿੱਪਰ, ਜਿਸ ਨੂੰ ਬਖਸ਼ੀਸ਼ ਸਿੰਘ ਪੁੱਤਰ ਗਗਨਦੀਪ ਸਿੰਘ ਵਾਸੀ ਪਿੰਡ ਬੁੱਢਾਬੜ, ਮੁਕੇਰੀਆਂ ਚਲਾ ਰਿਹਾ ਸੀ, ਦਾ ਡਰਾਈਵਰ ਟੱਕਰ ਤੋਂ ਬਾਅਦ ਟਿੱਪਰ ਦੇ ਕੈਬਿਨ ’ਚ ਬੁਰੀ ਤਰ੍ਹਾਂ ਫਸ ਗਿਆ। ਐੱਸਐੱਸਐੱਫ ਟੀਮ ਦੇ ਇੰਚਾਰਜ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਕਰੀਬ 15-20 ਮਿੰਟ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਜ਼ਖਮੀ ਟਿੱਪਰ ਡਰਾਈਵਰ ਨੂੰ ਕੈਬਿਨ ’ਚੋਂ ਬਾਹਰ ਕੱਢ ਕੇ ਫਸਟ ਏਡ ਦਿੱਤੀ ਗਈ ਤੇ ਬਾਅਦ ’ਚ ਐਂਬੂਲੈਂਸ ਰਾਹੀਂ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਸੜਕ ਤੋਂ ਸਾਈਡ ’ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਬਣਾਇਆ ਗਿਆ। ਇਸ ਸਬੰਧੀ ਸਬੰਧਤ ਪੁਲਿਸ ਚੌਕੀ ਲਾਂਹਦੜਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ।