ਇਕ ਦਿਨ ਬਾਅਦ ਚੇਤ ਦੇ ਨਰਾਤੇ, ਮੰਦਰਾਂ ਵੱਲ ਜਾਣ ਵਾਲੀਆਂ ਸੜਕਾਂ ਖ਼ਸਤਾ ਹਾਲ
ਚੇਤ ਨਰਾਤਿਆਂ ਨੂੰ ਲੈ ਕੇ ਇਕ ਦਿਨ ਬਾਕੀ, ਮੰਦਿਰਾਂ ਵੱਲ ਜਾਣ ਵਾਲੀਆਂ ਜ਼ਿਆਦਾਤਰ ਸੜਕਾਂ ਖ਼ਸਤਾਹਾਲ
Publish Date: Tue, 17 Mar 2026 10:08 PM (IST)
Updated Date: Tue, 17 Mar 2026 10:10 PM (IST)

-ਸਿੱਧ ਸ਼ਕਤੀਪੀਠ ਮੰਦਰ ਕੋਲ ਰੇਲਵੇ ਕ੍ਰਾਸਿੰਗ ’ਚ ਪਏ ਟੋਏ -ਅਰਬਨ ਐਸਟੇਟ ਫੇਜ਼ ਵੱਲ ਜਾਣ ਵਾਲੇ ਰਸਤੇ ’ਤੇ ਮੈਨਹੋਲ ਦੇ ਢੱਕਣ ਧੱਸ ਰਹੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਚੇਤ ਨਰਾਤੇ ਸ਼ੁਰੂ ਹੋਣ ’ਚ ਸਿਰਫ਼ ਇਕ ਦਿਨ ਬਾਕੀ ਹੈ ਪਰ ਸ਼ਹਿਰ ਦੇ ਮੰਦਰਾਂ ਵੱਲ ਜਾਣ ਵਾਲੀਆਂ ਜ਼ਿਆਦਾਤਰ ਸੜਕਾਂ ਦੀ ਹਾਲਤ ਖ਼ਰਾਬ ਹੈ। ਕਿਤੇ ਸੜਕਾਂ ’ਤੇ ਵੱਡੇ ਟੋਏ ਪਏ ਹੋਏ ਹਨ ਤਾਂ ਕਿਤੇ ਪੈਚਵਰਕ ਵੀ ਉਖੜ ਚੁੱਕਾ ਹੈ। ਇਸ ਕਾਰਨ ਨਰਾਤਿਆਂ ਦੇ ਦਿਨਾਂ ’ਚ ਮੰਦਰਾਂ ’ਚ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਖ਼ਾਸ ਗੱਲ ਇਹ ਹੈ ਕਿ ਮੰਦਰਾਂ ਵੱਲ ਜਾਣ ਵਾਲੀਆਂ ਇਹ ਖ਼ਰਾਬ ਸੜਕਾਂ ਨਰਾਤਿਆਂ ਦੌਰਾਨ ਹੋਣ ਵਾਲੇ ਵੱਡੇ ਧਾਰਮਿਕ ਸਮਾਗਮਾਂ ’ਚ ਵੀ ਰੁਕਾਵਟ ਬਣਨਗੀਆਂ। ਇਸ ਕਾਰਨ ਪੰਜਾਬ ਦੇ ਇਕਲੌਤੇ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ ਨੂੰ ਜਾਣ ਵਾਲੀ ਮੁੱਖ ਸੜਕ ਦੀ ਹਾਲਤ ਬਹੁਤ ਹੀ ਖ਼ਰਾਬ ਹੈ। ਉੱਥੇ ਹੀ ਅਰਬਨ ਐਸਟੇਟ ਫੇਜ਼-1 ਤੇ ਫੇਜ਼-2 ਵੱਲ ਜਾਣ ਵਾਲੀ ਸੜਕ ’ਤੇ ਕਈ ਥਾਵਾਂ ’ਤੇ ਮੈਨਹੋਲ ਦੇ ਢੱਕਣ ਅੰਦਰ ਨੂੰ ਧੱਸ ਰਹੇ ਹਨ, ਜੋ ਰਾਹਗੀਰਾਂ ਤੇ ਸ਼ਰਧਾਲੂਆਂ ਲਈ ਖਤਰਾ ਬਣੇ ਹੋਏ ਹਨ। ਅਸਲ ’ਚ ਸਾਲ ’ਚ ਆਉਣ ਵਾਲੇ ਚਾਰ ਨਰਾਤਿਆਂ ’ਚੋਂ ਚੇਤ ਤੇ ਸ਼ਾਰਦੀ ਨਰਾਤੇ ਵੱਡੇ ਪੱਧਰ ’ਤੇ ਮਨਾਏ ਜਾਂਦੇ ਹਨ। ਇਨ੍ਹਾਂ ਦਿਨਾਂ ’ਚ ਸ਼ਰਧਾਲੂ ਮਾਤਾ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕਰਨ ਲਈ ਮੰਦਰਾਂ ’ਚ ਪੁੱਜਦੇ ਹਨ। ਵਰਤ ਰੱਖਣ ਵਾਲੇ ਭਗਤ ਦੁਪਹਿਰ ਸਮੇਂ ਮਾਂ ਦੇ ਦਰਬਾਰ ’ਚ ਜੋਤ ਜਗਾਉਣ ਲਈ ਵੀ ਆਉਂਦੇ ਹਨ ਪਰ ਸ਼ਹਿਰ ਦੇ ਜ਼ਿਆਦਾਤਰ ਮੰਦਰਾਂ ਵੱਲ ਜਾਣ ਵਾਲੀਆਂ ਸੜਕਾਂ ਦੀ ਖ਼ਰਾਬ ਹਾਲਤ ਕਾਰਨ ਨਾ ਸਿਰਫ਼ ਸ਼ਰਧਾ ਨੂੰ ਠੇਸ ਪੁੱਜਦੀ ਹੈ, ਸਗੋਂ ਹਾਦਸਿਆਂ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ------------------------- ਰੇਲਵੇ ਕ੍ਰਾਸਿੰਗ ਕੋਲ ਟੋਏ, ਗੰਦਾ ਪਾਣੀ ਭਰਿਆ ਸ਼੍ਰੀ ਦੇਵੀ ਤਲਾਬ ਮੰਦਰ ਜਾਣ ਲਈ ਮਾਈ ਹੀਰਾਂ ਗੇਟ ਤੋਂ ਟਾਂਡਾ ਰੋਡ ਵੱਲ ਜਾਣ ਵਾਲੇ ਰਸਤੇ ’ਤੇ ਰੇਲਵੇ ਕ੍ਰਾਸਿੰਗ ਪਾਰ ਕਰਦਿਆਂ ਹੀ ਸੜਕ ਦੀ ਹਾਲਤ ਬਹੁਤ ਖ਼ਰਾਬ ਹੈ। ਇੱਥੇ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿਨ੍ਹਾਂ ’ਚ ਅਕਸਰ ਸੀਵਰੇਜ ਦਾ ਗੰਦਾ ਪਾਣੀ ਭਰਿਆ ਰਹਿੰਦਾ ਹੈ। ਟੋਇਆਂ ਨੂੰ ਭਰਨ ਲਈ ਇੰਟਰਲਾਕਿੰਗ ਟਾਈਲਾਂ ਵੀ ਲਗਾਈਆਂ ਗਈਆਂ ਸਨ ਪਰ ਉਹ ਵੀ ਹੁਣ ਉਖੜ ਚੁੱਕੀਆਂ ਹਨ, ਜਿਸ ਨਾਲ ਮੁਸ਼ਕਲ ਹੋਰ ਵੱਧ ਗਈ ਹੈ। ਬਰਸਾਤ ਦੇ ਦਿਨਾਂ ਵਿੱਚ ਹਾਲਤ ਹੋਰ ਵੀ ਬੇਹੱਦ ਖ਼ਰਾਬ ਹੋ ਜਾਂਦੀ ਹੈ ਕਿਉਂਕਿ ਮੀਂਹ ਰੁਕਣ ਤੋਂ ਬਾਅਦ ਵੀ ਟੋਇਆਂ ’ਚ ਪਾਣੀ ਭਰਿਆ ਰਹਿੰਦਾ ਹੈ। -------------------------- ਮੁੱਖ ਸੜਕ ’ਤੇ ਧਸੇ ਮੈਨਹੋਲ ਇਸੇ ਤਰ੍ਹਾਂ ਅਰਬਨ ਅਸਟੇਟ ਵੱਲ ਜਾਣ ਵਾਲੀ ਮੁੱਖ ਸੜਕ ’ਤੇ ਕਈ ਥਾਵਾਂ ’ਤੇ ਮੈਨਹੋਲ ਦੇ ਢੱਕਣ ਅੰਦਰ ਧੱਸ ਚੁੱਕੇ ਹਨ, ਜੋ ਰਾਹਗੀਰਾਂ ਲਈ ਮੁਸ਼ਕਲ ਬਣੇ ਹੋਏ ਹਨ। ਨਰਾਤਿਆਂ ਦੇ ਦਿਨਾਂ ’ਚ ਇਸ ਰਸਤੇ ਤੋਂ ਕਈ ਸ਼ਰਧਾਲੂ ਮੰਦਰਾਂ ਵੱਲ ਜਾਂਦੇ ਹਨ, ਜਿਨ੍ਹਾਂ ਨੂੰ ਇਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਰਸਤੇ ਤੋਂ ਹੀ ਸ਼੍ਰੀ ਗੀਤਾ ਮੰਦਰ ਅਰਬਨ ਐਸਟੇਟ ਫੇਜ਼-1, ਗੀਤਾ ਮੰਦਰ ਫੇਜ਼-2 ਤੇ ਵਿਨੈ ਮੰਦਰ ਵੱਲ ਜਾਣ ਵਾਲੇ ਸ਼ਰਧਾਲੂ ਲੰਘਦੇ ਹਨ। -------------------------- ਵਧੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਵਿਕਰਮਪੁਰਾ ਦੇ ਰਹਿਣ ਵਾਲੇ ਹੇਮੰਤ ਖੰਨਾ ਨੇ ਕਿਹਾ ਕਿ ਤਿਉਹਾਰਾਂ ਤੋਂ ਪਹਿਲਾਂ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਵਧੀਆ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ ਪਰ ਸਿੱਧ ਸ਼ਕਤੀਪੀਠ ਨੂੰ ਜਾਣ ਵਾਲੀ ਸੜਕ ਦੀ ਖ਼ਰਾਬ ਹਾਲਤ ਕਾਰਨ ਸ਼ਰਧਾਲੂਆਂ ਨੂੰ ਕਾਫ਼ੀ ਮੁਸ਼ਕਲ ਆ ਰਹੀ ਹੈ। ਉੱਥੇ ਹੀ ਆਸ਼ੀਸ਼ ਸਹਿਗਲ ਨੇ ਕਿਹਾ ਕਿ ਵਿਕਰਮਪੁਰਾ ਰੋਡ ’ਤੇ ਸਥਿਤ ਮਾਂ ਚਿੰਤਪੁਰਨੀ ਮੰਦਰ, ਗੋਪਾਲ ਨਗਰ ਦੇ ਸ਼੍ਰੀ ਕ੍ਰਿਸ਼ਨ ਮੁਰਾਰੀ ਮੰਦਰ ਸਮੇਤ ਹੋਰ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਨਵੀਆਂ ਸੜਕਾਂ ਬਣਾਉਣ ਦੀ ਲੋੜ ਹੈ। ------------------------ ਜਲਦੀ ਹੋਵੇਗਾ ਸੜਕਾਂ ਦਾ ਨਿਰਮਾਣ ਇਸ ਸਬੰਧੀ ਮੇਅਰ ਵਨੀਤ ਧੀਰ ਨੇ ਦੱਸਿਆ ਕਿ ਸ਼ਹਿਰ ਦੀਆਂ ਸਾਰੀਆਂ ਸੜਕਾਂ ਦਾ ਨਿਰਮਾਣ ਲੜੀਵਾਰ ਕੀਤਾ ਜਾ ਰਿਹਾ ਹੈ। ਇਸ ਲਈ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ ਤੇ ਕਈ ਥਾਵਾਂ ’ਤੇ ਕੰਮ ਸ਼ੁਰੂ ਵੀ ਹੋ ਚੁੱਕਾ ਹੈ। ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਵੀ ਸੜਕਾਂ ਦਾ ਨਿਰਮਾਣ ਯਕੀਨੀ ਬਣਾਇਆ ਜਾਵੇਗਾ।