ਇਕ ਜੇਬ ਕਤਰਾ ਕਾਬੂ, ਦੂਜਾ ਫ਼ਰਾਰ
ਈ ਰਿਕਸ਼ਾ ’ਚ ਬਜੁਰਗ ਦੀ ਜੇਬ ਕੱਟਦਾ ਇਕ ਕਾਬੂ, ਇਕ ਫਰਾਰ
Publish Date: Thu, 26 Mar 2026 07:29 PM (IST)
Updated Date: Thu, 26 Mar 2026 07:32 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਹੁਸ਼ਿਆਰਪੁਰ ਲਾਗੇ ਪੈਂਦੇ ਇਕ ਪਿੰਡ ’ਚੋਂ ਆਪਣੇ ਰਿਸ਼ਤੇਦਾਰ ਦੀ ਦਵਾਈ ਲੈਣ ਆਏ ਇਕ ਬਜ਼ੁਰਗ ਦੀ ਈ-ਰਿਕਸ਼ਾ ’ਚ ਬੈਠੇ ਹੋਏ ਜੇਬ ਕੱਟ ਲਈ ਗਈ। ਬਜ਼ੁਰਗ ਨੇ ਮੁਸਤੈਦੀ ਦਿਖਾਂਦੇ ਹੋਏ ਇਕ ਨੂੰ ਕਾਬੂ ਕਰ ਲਿਆ, ਜਦ ਕਿ ਦੂਜਾ ਮੌਕੇ ਤੋਂ ਫਰਾਰ ਹੋ ਗਿਆ। ਕਾਬੂ ਕੀਤੇ ਗਏ ਜੇਬ ਕਤਰੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਵਾਸੀ ਉੱਚੀ ਬੱਸੀ ਹੁਸ਼ਿਆਰਪੁਰ ਆਪਣੇ ਕਿਸੇ ਰਿਸ਼ਤੇਦਾਰ ਦੀ ਦਵਾਈ ਲੈਣ ਲਈ ਬੱਸ ’ਚ ਹੁਸ਼ਿਆਰਪੁਰ ਤੋਂ ਜਲੰਧਰ ਆਇਆ ਸੀ। ਜਲੰਧਰ ਬੱਸ ਅੱਡੇ ਉਤਰਨ ਤੋਂ ਬਾਅਦ ਉਹ ਈ ਰਿਕਸ਼ਾ ’ਚ ਬਹਿ ਕੇ ਬੀਐੱਮਸੀ ਚੌਂਕ ਵੱਲ ਜਾ ਰਿਹਾ ਸੀ। ਈ ਰਿਕਸ਼ਾ ’ਚ ਉਸ ਤੋਂ ਪਹਿਲਾਂ ਵੀ ਦੋ ਨੌਜਵਾਨ ਬੈਠੇ ਹੋਏ ਸਨ। ਉਨ੍ਹਾਂ ਨੌਜਵਾਨਾਂ ਨੇ ਦੋ ਤਿੰਨ ਵਾਰ ਬਜ਼ੁਰਗ ਨੂੰ ਸੀਟ ਬਦਲਣ ਲਈ ਕਿਹਾ। ਉਨ੍ਹਾਂ ਨੌਜਵਾਨਾਂ ਨੇ ਦੋ ਵਾਰ ਕੋਸ਼ਿਸ਼ ਕੀਤੀ ਪਰ ਇਸ ’ਚ ਕਾਮਯਾਬ ਨਹੀਂ ਹੋਏ ਪਰ ਤੀਜੀ ਵਾਰ ਉਨ੍ਹਾਂ ਨੇ ਬਜ਼ੁਰਗ ਦੀ ਜੇਬ ’ਚੋਂ 1700 ਕੱਢ ਲਏ ਤੇ ਸੀਟ ਹੇਠਾਂ ਰੱਖ ਦਿੱਤੇ। ਕੁਲਦੀਪ ਸਿੰਘ ਵੱਲੋਂ ਚੈੱਕ ਕਰਨ ’ਤੇ ਪੈਸੇ ਗਾਇਬ ਸਨ। ਉਸਨੇ ਰੌਲਾ ਪਾ ਦਿੱਤਾ ਤੇ ਈ-ਰਿਕਸ਼ਾ ’ਚ ਬੈਠੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਜਦਕਿ ਦੂਜਾ ਮੌਕੇ ਤੋਂ ਭੱਜ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੀਸੀਆਰ ਦੀ ਟੀਮ ਮੌਕੇ ’ਤੇ ਪਹੁੰਚੀ ਤੇ ਉਕਤ ਨੌਜਵਾਨ ਨੂੰ ਹਿਰਾਸਤ ’ਚ ਲੈ ਕੇ ਸਬੰਧਤ ਥਾਣੇ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਫੜੇ ਗਏ ਨੌਜਵਾਨ ਦੀ ਪਛਾਣ ਲੱਕੀ ਵਜੋਂ ਦੱਸੀ ਜਾ ਰਹੀ ਹੈ ਜੋ ਕਿ ਨਸ਼ੇ ਦਾ ਆਦੀ ਹੈ। ਪੁਲਿਸ ਨੇ ਈ-ਰਿਕਸ਼ਾ ਦੀ ਸੀਟ ਹੇਠਾਂ ਲਕੋਏ ਹੋਏ ਪੈਸੇ ਬਰਾਮਦ ਕਰ ਲਏ ਹਨ। ਪੁਲਿਸ ਲੱਕੀ ਕੋਲੋਂ ਪੁੱਛਗਿੱਛ ਕਰਕੇ ਉਸਦੇ ਦੂਜੇ ਸਾਥੀ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ।