ਪੈਨਸ਼ਨਰਾਂ ਨੇ ਪੀਐੱਮ ਦੇ ਨਾਂ ਭੇਜਿਆ ਮੰਗ ਪੱਤਰ
ਮੰਗ ਦਿਵਸ ਮੌਕੇ ਪੈਨਸ਼ਨਰਾਂ ਵੱਲੋਂ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ
Publish Date: Thu, 23 Apr 2026 07:29 PM (IST)
Updated Date: Thu, 23 Apr 2026 07:31 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਆਲ ਇੰਡੀਆ ਸਟੇਟ ਗਵਰਮਿੰਟ ਪੈਨਸ਼ਨਰਜ਼ ਫੈੱਡਰੇਸ਼ਨ ਦੇ ਸੱਦੇ ‘ਤੇ 21 ਅਪ੍ਰੈਲ ਨੂੰ ਪੂਰਾ ਦਿਨ ਮੰਗ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਵੱਲੋਂ ਪ੍ਰਧਾਨ ਬਾਲ ਕ੍ਰਿਸ਼ਨ ਸੂਦ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਡਿਪਟੀ ਕਮਿਸ਼ਨਰ ਦੀ ਗੈਰ-ਮੌਜੂਦਗੀ ਵਿੱਚ ਇਹ ਮੰਗ ਪੱਤਰ ਐੱਸਡੀਐੱਮ ਨਵਦੀਪ ਸਿੰਘ ਨੂੰ ਸੌਂਪਿਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਫੈੱਡਰੇਸ਼ਨ ਦੀ ਕੌਮੀ ਕਾਨਫਰੰਸ (ਕੁਰੂਕਸ਼ੇਤਰ, ਫਰਵਰੀ 2026) ’ਚ ਲਏ ਗਏ ਫੈਸਲੇ ਅਨੁਸਾਰ ਇਹ ਮੰਗ ਦਿਵਸ ਮਨਾਇਆ ਗਿਆ ਹੈ। ਉਨ੍ਹਾਂ ਨੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਫਾਈਨੈਂਸ ਬਿੱਲ 2025 ਨੂੰ ਰੱਦ ਕੀਤਾ ਜਾਵੇ, ਐੱਨਪੀਐੱਸ ਖਤਮ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਤੇ 31 ਦਸੰਬਰ 2025 ਤੱਕ ਸੇਵਾਮੁਕਤ ਹੋਏ ਪੈਨਸ਼ਨਰਾਂ ’ਤੇ ਵੀ ਅੱਠਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਕੇਂਦਰ ਦੇ ਬਰਾਬਰ ਡੀਏ, ਪੈਨਸ਼ਨ ਕਮਿਊਟੇਸ਼ਨ ਦੀ ਕਟੌਤੀ 15 ਦੀ ਬਜਾਏ 11 ਸਾਲਾਂ ਵਿਚ ਕਰਨ, ਯਾਤਰਾ ਛੋਟਾਂ ਦੀ ਬਹਾਲੀ, ਕੈਸ਼ਲੈੱਸ ਹੈਲਥ ਬੀਮਾ ਯੋਜਨਾ ਲਾਗੂ ਕਰਨ ਅਤੇ ਉਮਰ ਅਨੁਸਾਰ ਪੈਨਸ਼ਨ ਵਿੱਚ ਵਾਧਾ ਯਕੀਨੀ ਬਣਾਉਣ ਵਰਗੀਆਂ ਮੰਗਾਂ ਵੀ ਸ਼ਾਮਲ ਹਨ। ਆਗੂਆਂ ਨੇ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਨੂੰ ਰੋਕਣ ਅਤੇ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ। ਇਸ ਮੌਕੇ ਗੁਰਨਾਮ ਚੰਦ, ਪਵਨ ਮਸੀਹ, ਸੂਰਤੀ ਲਾਲ, ਨਰੇਸ਼ ਕੁਮਾਰ ਤਿਵਾੜੀ, ਹਰਜਿੰਦਰ ਅਨੇਜਾ, ਰਾਜ ਸਿੰਘ ਸੈਣੀ, ਚਮਨ ਲਾਲ, ਬਲਵਿੰਦਰ ਕੁਮਾਰ, ਕੁਲਦੀਪ ਸਿੰਘ ਕੌੜਾ ਤੇ ਹੋਰ ਪੈਨਸ਼ਨਰ ਹਾਜ਼ਰ ਸਨ।