ਸ਼ਿਵਮਈ ਹੋਇਆ ਸ਼ਹਿਰ, ਝਾਕੀਆਂ ਬਣੀਆਂ ਖਿੱਚ ਦਾ ਕੇਂਦਰ
ਮਹਾਸ਼ਿਵਰਾਤਰੀ ਮੌਕੇ ਸ਼ਹਿਰ ’ਚ ਨਿਕਲੀ ਭੋਲੇ ਦੀ ਬਾਰਾਤ, ਸਜੀਆਂ ਝਾਂਕੀਆਂ, ਗੂੰਜੇ “ਓਮ ਨਮਹ ਸ਼ਿਵਾਯ” ਦੇ ਜੈਕਾਰ
Publish Date: Wed, 11 Feb 2026 10:32 PM (IST)
Updated Date: Wed, 11 Feb 2026 10:35 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਗਵਾਨ ਸ਼ਿਵ ਦੇ ਜੀਵਨ ’ਤੇ ਆਧਾਰਤ ਸੁੰਦਰ ਸਜੀਆਂ ਝਾਕੀਆਂ, ਸ਼ਿਵ ਭਜਨਾਂ ਦਾ ਲਗਾਤਾਰ ਗਾਇਨ, ਥਾਂ-ਥਾਂ ਲੱਗੇ ਲੰਗਰ ਤੇ ਸਜੇ ਹੋਏ ਸਵਾਗਤੀ ਮੰਚਾਂ ਦੇ ਦਰਸ਼ਨ ਲਈ ਉਤਸ਼ਾਹਤ ਸ਼ਰਧਾਲੂਆਂ ਦੀ ਭੀੜ। ਹਰ ਪਾਸੇ ਭਗਤੀਮਈ ਮਾਹੌਲ ਬਣਿਆ ਹੋਇਆ ਸੀ। ਮੌਕਾ ਸੀ ਮਹਾਸ਼ਿਵਰਾਤਰੀ ਦੇ ਸਬੰਧੀ ਜੈ ਸ਼ੰਕਰ ਮੰਦਰ, ਬਾਜ਼ਾਰ ਪੰਜਪੀਰ ਤੋਂ ਨਿਕਾਲੀ ਗਈ ਸ਼ੋਭਾ ਯਾਤਰਾ ਦਾ। ਪੰਜਪੀਰ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਨਿਰਮਲ ਸਿੰਘ ਬੇਦੀ ਦੀ ਅਗਵਾਈ ’ਚ ਨਿਕਲੀ ਇਸ ਸ਼ੋਭਾ ਯਾਤਰਾ ’ਚ ਜ਼ਿਲ੍ਹੇ ਭਰ ਤੋਂ ਸ਼ਰਧਾਲੂਆਂ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਮੰਦਰ ਦੇ ਵਿਹੜੇ ’ਚ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਸੰਕੀਰਤਨ ਮੰਡਲੀ ਦੇ ਮੈਂਬਰਾਂ ਨੇ ਇਕ ਤੋਂ ਬਾਅਦ ਇਕ ਮਨਮੋਹਕ ਭਜਨ ਪੇਸ਼ ਕੀਤੇ। ਨਿਰਮਲ ਸਿੰਘ ਬੇਦੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਅਨੁਸਾਰ ਇਸ ਸਾਲ ਵੀ ਸ਼ੋਭਾ ਯਾਤਰਾ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਨਿਕਾਲਿਆ ਗਿਆ ਹੈ। ਇਸਨੂੰ ਭਵਿਆ ਬਣਾਉਣ ਲਈ ਕਈ ਦਿਨਾਂ ਤੋਂ ਸੰਪਰਕ ਅਭਿਆਨ ਚਲਾਇਆ ਜਾ ਰਿਹਾ ਸੀ ਤੇ ਵੱਖ-ਵੱਖ ਸੰਸਥਾਵਾਂ ਨੂੰ ਸ਼ਾਮਲ ਹੋਣ ਲਈ ਆਮੰਤਰਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ 15 ਫਰਵਰੀ ਨੂੰ ਮੰਦਰ ਕਮੇਟੀ ਵੱਲੋਂ ਮਹਾਸ਼ਿਵਰਾਤਰੀ ਉਤਸਵ ਮਨਾਇਆ ਜਾਵੇਗਾ। ਸ਼ੋਭਾ ਯਾਤਰਾ ਮੰਦਰ ਕੰਪਲੈਕਸ ਤੋਂ ਸ਼ੁਰੂ ਹੋ ਕੇ ਪੰਜਪੀਰ ਬਾਜ਼ਾਰ, ਗੁਰਦੁਆਰਾ ਪੰਜ ਪਿਆਰੇ ਸਾਹਿਬ, ਅਟਾਰੀ ਬਾਜ਼ਾਰ, ਬੋਹੜ ਵਾਲਾ ਚੌਕ, ਪੀਰ ਬੋਦਲਾਂ ਬਾਜ਼ਾਰ, ਸ਼ੇਖਾਂ ਬਾਜ਼ਾਰ, ਫੂਲਾਂ ਵਾਲਾ ਬਾਜ਼ਾਰ, ਕਲਾਂ ਬਾਜ਼ਾਰ, ਹਨੁਮਾਨ ਚੌਕ (ਜੱਗੂ ਚੌਕ), ਭੈਰੋਂ ਬਾਜ਼ਾਰ, ਕਿਲਾ ਮੁਹੱਲਾ ਤੇ ਖਿੰਗਰਾ ਗੇਟ ਸਮੇਤ ਕਈ ਇਲਾਕਿਆਂ ਤੋਂ ਲੰਘਦੀ ਹੋਈ ਸੰਪੰਨ ਹੋਈ। ਇਸ ਦੌਰਾਨ ਵੱਖ-ਵੱਖ ਸੰਸਥਾਵਾਂ ਵੱਲੋਂ ਲੰਗਰ ਲਗਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ’ਚ ਭਗਵਾਨ ਸ਼ਿਵ ਤਾਂਡਵ ਰੂਪ, ਸ਼ਿਵ ਸਵਰੂਪ, ਸ਼੍ਰੀ ਰਾਧਾ-ਕ੍ਰਿਸ਼ਨ ਰੂਪ, ਮਹਾਕਾਲੀ ਰੂਪ, ਭਗਵਾਨ ਸਾਈਂ ਜੀ ਦੀ ਪਾਲਕੀ ਤੇ ਬਾਲਾ ਜੀ ਦਾ ਰਥ ਖਾਸ ਆਕਰਸ਼ਣ ਰਹੇ। ਇਸ ਮੌਕੇ ਸੰਸਥਾ ਦੇ ਪ੍ਰਧਾਨ ਨਿਰਮਲ ਸਿੰਘ ਬੇਦੀ ਦੇ ਨਾਲ ਪੰਡਿਤ ਲਖੀਰਾਮ, ਕੇਵਲ ਪਹਿਲਵਾਨ, ਬਿੱਟੂ ਸਚਦੇਵਾ, ਰਾਜ ਕੁਮਾਰ, ਹੈਪੀ ਆਨੰਦ, ਹਰਸ਼ ਦੁਆ, ਸਤਪਾਲ, ਸੰਜੈ ਨੈਅਰ, ਨੀਸ਼ੂ ਨੈਅਰ, ਐੱਚਡੀ ਮਲਹੋਤਰਾ, ਟਿੰਕੂ ਜੈਨ, ਸੌਰਭ ਕੁਮਾਰ, ਈਸ਼ੂ, ਸ਼ੁਭਮ, ਵਿਕਾਸ ਕੁਮਾਰ, ਸੁਮਿਤ ਕੁਮਾਰ, ਸਤਪਾਲ ਸੁਖੀਜਾ, ਗੁਲਸ਼ਨ ਕੁਮਾਰ, ਵਿਜੇ ਚੌਹਾਨ, ਅੱਜੂ, ਸੁਰਿੰਦਰ ਪੁਰੀ, ਪ੍ਰੀਤਮ ਸ਼ਰਮਾ, ਵਿਸ਼ਾਲ, ਅਸ਼ੋਕ ਕੁਮਾਰ, ਕਾਕਾ ਤੇ ਵਿਕਾਸ ਕੁਮਾਰ ਸਮੇਤ ਹੋਰ ਮੈਂਬਰ ਮੌਜੂਦ ਸਨ।