- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਗਰਣ ਸੰਵਾਦਦਾਤਾ, ਜਲੰਧਰ :

ਜਾਗਰਣ ਸੰਵਾਦਦਾਤਾ, ਜਲੰਧਰ : ਨੈਸ਼ਨਲ ਹਾਈਵੇ ’ਤੇ ਸ਼ਹਿਰ ਦੇ ਇਲਾਕੇ ਵਿਚ ਮੁਸ਼ਕਿਲਾਂ ਦੀ ਕਮੀ ਨਹੀਂ ਆ ਰਹੀ। ਸਰਵਿਸ ਰੋਡ ’ਤੇ ਟੋਏ ਖਤਮ ਨਹੀਂ ਹੋ ਰਹੇ ਅਤੇ ਬੰਦ ਸਟਰੀਟ ਲਾਈਟਾਂ ਨੂੰ ਠੀਕ ਨਹੀਂ ਕੀਤਾ ਜਾ ਰਿਹਾ। ਨੈਸ਼ਨਲ ਹਾਈਵੇ ਦੀ ਸਰਵਿਸ ਰੋਡ ਬਹੁਤ ਹੀ ਵਿਅਸਤ ਰਹਿੰਦੀ ਹੈ। ਇਸ ਰੋਡ ’ਤੇ ਕਈ ਉਦਯੋਗਿਕ ਕੰਪਲੈਕਸ ਹਨ ਅਤੇ ਆਸ-ਪਾਸ ਵੱਡੀ ਗਿਣਤੀ ਵਿਚ ਕਾਲੋਨੀਆਂ ਦੇ ਵਾਸੀ ਹਨ। ਫੋਕਲ ਪੁਆਇੰਟ, ਫੋਕਲ ਪੁਆਇੰਟ ਐਕਸਟੈਂਸ਼ਨ, ਇੰਡਸਟਰੀ ਏਰੀਆ ਅਤੇ ਆਸ-ਪਾਸ ਸਥਿਤ ਉਦਯੋਗਿਕ ਇਕਾਈਆਂ ਵਿਚ ਆਉਣ-ਜਾਣ ਲਈ ਨੈਸ਼ਨਲ ਹਾਈਵੇ ਦੀ ਸਰਵਿਸ ਰੋਡ ਦੀ ਵਰਤੋਂ ਕੀਤੀ ਜਾਂਦੀ ਹੈ। ਸਰਵਿਸ ਰੋਡ ਦੇ ਟੋਏ ਅਤੇ ਬੰਦ ਪਈਆਂ ਸਟਰੀਟ ਲਾਈਟਾਂ ਇਨ੍ਹਾਂ ਲਈ ਸਭ ਤੋਂ ਵੱਡੀ ਮੁਸ਼ਕਿਲ ਬਣ ਗਈਆਂ ਹਨ। ਪਿਛਲੇ ਦਿਨਾਂ ਵਿਚ ਧੁੰਦ ਵੀ ਕਾਫੀ ਛਾਈ ਰਹੀ। ਧੁੰਦ ਵਿਚ ਸਟਰੀਟ ਲਾਈਟਾਂ ਨਾਲ ਰਸਤਾ ਸੁਰੱਖਿਅਤ ਅਤੇ ਆਸਾਨ ਹੋ ਜਾਂਦਾ ਹੈ, ਪਰ ਨੈਸ਼ਨਲ ਹਾਈਵੇ ਅਥਾਰਟੀ ਨੂੰ ਵਾਰ-ਵਾਰ ਨਿਰਦੇਸ਼ ਅਤੇ ਸ਼ਿਕਾਇਤਾਂ ਦੇ ਬਾਵਜੂਦ ਇਨ੍ਹਾਂ ਲਾਈਟਾਂ ਨੂੰ ਠੀਕ ਨਹੀਂ ਕੀਤਾ ਗਿਆ। ਬੰਦ ਲਾਈਟਾਂ ਕਾਰਨ ਕਈ ਵਾਰ ਦੁਰਘਟਨਾਵਾਂ ਵੀ ਹੋਈਆਂ ਹਨ। ਨੈਸ਼ਨਲ ਹਾਈਵੇ ’ਤੇ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਰਾਮਾਮੰਡੀ ਤਕ ਦਾ ਰਸਤਾ ਬਹੁਤ ਹੀ ਮਹੱਤਵਪੂਰਨ ਹੈ। ਇੱਥੇ ਟ੍ਰੈਫਿਕ ਕਾਫੀ ਵੱਧ ਹੁੰਦਾ ਹੈ ਅਤੇ ਕਈ ਵਾਰ ਤਾਂ ਜਾਮ ਦੀ ਸਥਿਤੀ ਵੀ ਬਣ ਜਾਂਦੀ ਹੈ। ਇਸ ਪੂਰੇ ਰਸਤੇ ’ਤੇ ਸ਼ਾਇਦ ਹੀ ਕਿਤੇ ਸਟਰੀਟ ਲਾਈਟਾਂ ਚੱਲਦੀਆਂ ਮਿਲਦੀਆਂ ਹਨ।
ਵੇਰਕਾ ਮਿਲਕ ਪਲਾਂਟ ਤੋਂ ਫੋਕਲ ਪੁਆਇੰਟ-ਟਰਾਂਸਪੋਰਟ ਨਗਰ, ਪਠਾਨਕੋਟ ਚੌਕ, ਲੰਮਾ ਪਿੰਡ ਚੌਕ ਤੋਂ ਚੌਗਿੱਟੀ-ਪੀਏਪੀ ਤਕ ਕਈ ਥਾਵਾਂ ’ਤੇ ਲਾਈਟਾਂ ਬੰਦ ਹਨ। ਹਾਈਵੇ ’ਤੇ ਕਈ ਗ਼ੈਰ ਕਾਨੂੰਨੀ ਕੱਟ ਹਨ ਅਤੇ ਇਸ ਨਾਲ ਲੋਕ ਸਰਵਿਸ ਰੋਡ ਤੋਂ ਮੁੱਖ ਰੋਡ ’ਤੇ ਅਚਾਨਕ ਆ ਜਾਂਦੇ ਹਨ। ਹਨੇਰੇ ਵਿਚ ਇਹ ਬਹੁਤ ਖਤਰਨਾਕ ਹੋ ਜਾਂਦਾ ਹੈ। ਫੋਕਲ ਪੁਆਇੰਟ, ਵੇਰਕਾ ਮਿਲਕ ਪੁਆਇੰਟ ਦੇ ਨੇੜੇ ਫਲਾਈਓਵਰ ਦੇ ਹੇਠਾਂ ਵੀ ਕਾਫੀ ਟ੍ਰੈਫਿਕ ਹੁੰਦਾ ਹੈ ਅਤੇ ਲਾਈਟਾਂ ਦੀ ਕਮੀ ਕਾਰਨ ਖ਼ਤਰਾ ਬਣਿਆ ਰਹਿੰਦਾ ਹੈ। ਫਲਾਈਓਵਰ ’ਤੇ ਅੱਧੇ ਤੋਂ ਵੱਧ ਲਾਈਟਾਂ ਬੰਦ ਹਨ ਅਤੇ ਲੰਮਾ ਪਿੰਡ ਤੋਂ ਪਠਾਨਕੋਟ ਚੌਕ ਤਕ ਵੀ ਜ਼ਿਆਦਾਤਰ ਲਾਈਟਾਂ ਬੰਦ ਮਿਲਦੀਆਂ ਹਨ।
ਮੇਅਰ ਵਨੀਤ ਧੀਰ ਨੇ ਖ਼ੁਦ ਨੈਸ਼ਨਲ ਹਾਈਵੇ ਦੀ ਸਮੱਸਿਆ ਨੂੰ ਲੈ ਕੇ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨਾਲ ਤਿੰਨ ਵਾਰੀ ਮੀਟਿੰਗ ਕੀਤੀ ਹੈ ਅਤੇ ਨੈਸ਼ਨਲ ਹਾਈਵੇ ਦਾ ਦੌਰਾ ਵੀ ਕੀਤਾ ਸੀ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤਾਂ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਐੱਫਆਈਆਰ ਦਰਜ ਕਰਨ ਦੀ ਚਿਤਾਵਨੀ ਵੀ ਦੇ ਚੁੱਕੇ ਹਨ। ਮੇਅਰ ਨੇ ਨਿਰਦੇਸ਼ ਦਿੱਤਾ ਸੀ ਕਿ ਪੀਏਪੀ ਚੌਕ ਤੋਂ ਲੈ ਕੇ ਮਕਸੂਦਾਂ ਬਾਈਪਾਸ ਤਕ ਪਾਣੀ ਦੀ ਨਿਕਾਸ ਲਈ ਹਾਈਵੇ ਦੀ ਡਰੇਨ ਵਿਚ ਪਾਈਪਲਾਈਨ ਵਿਛਾਈ ਜਾਵੇ। ਪੀਏਪੀ ਚੌਕ ਤੋਂ ਮਕਸੂਦਾਂ ਬਾਈਪਾਸ ਤਕ ਦੀ ਸੜਕ ਦੀ ਲੰਬਾਈ 7 ਕਿਲੋਮੀਟਰ ਹੈ ਅਤੇ ਦੋਵੇਂ ਪਾਸੇ 14 ਕਿਲੋਮੀਟਰ ਪਾਈਪ ਪਾਈ ਜਾਣੀ ਹੈ। ਸਰਵਿਸ ਰੋਡ ਨੂੰ ਰਿਪੇਅਰ ਕਰਨ ਦੇ ਨਿਰਦੇਸ਼ ਹਨ ਅਤੇ ਸਟਰੀਟ ਲਾਈਟਾਂ ਨੂੰ ਠੀਕ ਕਰਨ ਲਈ ਵੀ ਕਿਹਾ ਗਿਆ ਸੀ, ਪਰ ਹਾਲੇ ਤਕ ਕੋਈ ਕੰਮ ਨਹੀਂ ਹੋਇਆ। ਹਾਈਵੇ ਅਥਾਰਟੀ ਨੇ ਇਸ ਲਈ ਐਸਟੀਮੇਟ ਤਿਆਰ ਕਰ ਲਿਆ ਹੈ ਅਤੇ ਹਾਈਵੇ ਅਤੇ ਸਰਵਿਸ ਰੋਡ ਦੇ ਰੱਖ-ਰਖਾਅ ਲਈ ਟੈਂਡਰ ਲਗਾਇਆ ਜਾ ਰਿਹਾ ਹੈ, ਪਰ ਤੁਰੰਤ ਰਾਹਤ ਲਈ ਕੋਈ ਕੰਮ ਨਹੀਂ ਕੀਤਾ ਗਿਆ।
- ਕਾਲੀਆ ਕਾਲੋਨੀ ਤੇ ਆਸ-ਪਾਸ ਦੀਆਂ ਕਾਲੋਨੀਆਂ ’ਚ ਵੀ ਸਟਰੀਟ ਲਾਈਟਾਂ ਠੱਪ
ਸਿਰਫ ਨੈਸ਼ਨਲ ਹਾਈਵੇ ’ਤੇ ਹੀ ਸਟਰੀਟ ਲਾਈਟਾਂ ਅਤੇ ਸੜਕਾਂ ਦੀ ਮੁਸ਼ਕਿਲ ਨਹੀਂ ਹੈ, ਆਸ-ਪਾਸ ਦੀਆਂ ਕਾਲੋਨੀਆਂ ’ਚ ਵੀ ਅਜਿਹੇ ਹੀ ਹਾਲਾਤ ਹਨ। ਵੇਰਕਾ ਪਲਾਂਟ ਤੋਂ ਅੱਗੇ ਵਸੀਆਂ ਕਈ ਕਾਲੋਨੀਆਂ, ਕਾਲੀਆ ਕਾਲੋਨੀ, ਗੁਰੂ ਅਮਰਦਾਸ ਨਗਰ, ਅਸ਼ੋਕ ਵਿਹਾਰ ਤੋਂ ਲੈ ਕੇ ਸਲੇਮਪੁਰ ਮੁਸਲਮਾਨ ਤਕ ਕਈ ਕਾਲੋਨੀਆਂ ਵਿਚ ਜਗ੍ਹਾ-ਜਗ੍ਹਾ ਖ਼ਰਾਬ ਸਟਰੀਟ ਲਾਈਟਾਂ ਲੋਕਾਂ ਲਈ ਮੁਸ਼ਕਿਲਾਂ ਪੈਦਾ ਕਰਦੀਆਂ ਹਨ। ਇਹ ਬਾਹਰੀ ਇਲਾਕਾ ਹੈ ਅਤੇ ਸੁੰਨਸਾਨ ਏਰੀਆ ਵਿਚ ਬਿਨਾਂ ਲਾਈਟ ਦੇ ਖ਼ਤਰਾ ਬਣਿਆ ਰਹਿੰਦਾ ਹੈ। ਅਜਿਹਾ ਹਾਲਾਤ ਸੰਜਯ ਗਾਂਧੀ ਨਗਰ ਅਤੇ ਆਸ-ਪਾਸ ਦੇ ਇਲਾਕਿਆਂ, ਸਈਪੁਰ, ਇੰਡਸਟ੍ਰੀਅਲ ਏਰੀਆ, ਟਰਾਂਸਪੋਰਟ ਨਗਰ ਨਾਲ ਕਾਲੋਨੀਆਂ ਵਿਚ ਵੀ ਹੈ। ਨਗਰ ਨਿਗਮ ਸਟਰੀਟ ਲਾਈਟਾਂ ਦੇ ਰੱਖ-ਰਖਾਅ ਵਿਚ ਚੰਗਾ ਕੰਮ ਨਹੀਂ ਕਰ ਪਾ ਰਿਹਾ। ਖਾਸ ਤੌਰ ’ਤੇ ਬਾਹਰੀ ਕਾਲੋਨੀਆਂ ਵਿਚ ਲੱਗੀਆਂ ਲਾਈਟਾਂ ਨੂੰ ਠੀਕ ਕਰਨ ਵਿਚ ਕਾਫੀ ਮੁਸ਼ਕਿਲ ਆਉਂਦੀ ਹੈ। ਇੱਥੇ ਕਈ ਥਾਵਾਂ ’ਤੇ ਸੰਸਦੀ ਅਤੇ ਵਿਧਾਇਕ ਦੀ ਗ੍ਰਾਂਟ ਨਾਲ ਲਾਈਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਐੱਲਈਡੀ ਸਟਰੀਟ ਲਾਈਟਾਂ ਕੰਪਨੀ ਠੀਕ ਨਹੀਂ ਕਰ ਰਹੀ।