ਸ਼ਟਰ ਤੋੜ ਕੇ ਲੱਖਾਂ ਦਾ ਸਾਮਾਨ ਕੀਤਾ ਚੋਰੀ
ਮੰਡੀ ਰੋਡ 'ਤੇ ਚੋਰਾਂ ਨੇ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਕੀਤਾ ਚੋਰੀ
Publish Date: Thu, 01 Jan 2026 08:05 PM (IST)
Updated Date: Fri, 02 Jan 2026 04:12 AM (IST)

ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਵੱਲੋਂ ਜਾਂਚ ਸ਼ੁਰੂ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਚੋਰੀਆਂ ਲਗਾਤਾਰ ਜਾਰੀ ਹਨ। ਤਾਜ਼ਾ ਘਟਨਾ ਮੰਡੀ ਰੋਡ ਤੇ ਸਥਿਤ ਪਰਸ਼ੋਤਮ ਵਿਸ਼ਵਨਾਥ ਦੀ ਦੁਕਾਨ ਤੇ ਵਾਪਰੀ, ਜਿੱਥੇ ਅਣਪਛਾਤੇ ਚੋਰਾਂ ਨੇ ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਸ਼ਟਰ ਤੋੜ ਕੇ ਨਕਦੀ ਸਮੇਤ ਲੱਗਭਗ 1 ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਦੁਕਾਨ ਮਾਲਕ ਨੂੰ ਸਵੇਰੇ ਚੋਰੀ ਦਾ ਪਤਾ ਉਦੋਂ ਲੱਗਿਆ ਜਦੋਂ ਨੇੜਲੇ ਦੁਕਾਨਦਾਰਾਂ ਨੇ ਸ਼ਟਰ ਟੁੱਟਣ ਦੀ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚਣ ’ਤੇ ਉਸ ਨੇ ਦੁਕਾਨ ’ਚ ਸਾਮਾਨ ਖਿੰਡਿਆ ਹੋਇਆ ਦੇਖਿਆ। ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੀੜਤ ਦੁਕਾਨਦਾਰ ਅਨੁਸਾਰ ਉਹ ਬੁੱਧਵਾਰ ਰਾਤ ਨੂੰ ਆਪਣੀ ਦੁਕਾਨ ਆਮ ਵਾਂਗ ਬੰਦ ਕਰ ਕੇ ਘਰ ਚਲਾ ਗਿਆ ਸੀ। ਚੋਰਾਂ ਨੇ ਦੇਰ ਰਾਤ ਸੰਘਣੀ ਧੁੰਦ ਦਾ ਫਾਇਦਾ ਉਠਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਉਹ ਲੱਗਭਗ 25 ਕਿੱਲੋ ਦੇਸੀ ਘਿਓ, 8 ਤੋਂ 10 ਟੀਨ ਰਿਫਾਇੰਡ ਤੇਲ ਤੇ ਦੁਕਾਨ ’ਚ ਰੱਖੀ ਨਕਦੀ ਲੈ ਕੇ ਭੱਜ ਗਏ। ਦੁਕਾਨਦਾਰ ਦਾ ਦਾਅਵਾ ਹੈ ਕਿ ਚੋਰਾਂ ਨੇ ਇੱਕ ਹੀ ਰਾਤ ’ਚ 2 ਵਾਰ ਦੁਕਾਨ ’ਚ ਤੋੜ-ਫੋੜ ਕੀਤੀ। ਸੀਸੀਟੀਵੀ ਫੁਟੇਜ ਦੇ ਅਨੁਸਾਰ ਚੋਰ ਪਹਿਲਾਂ ਸਵੇਰੇ 3:30 ਵਜੇ ਦੇ ਕਰੀਬ ਦੁਕਾਨ ’ਚ ਦਾਖਲ ਹੋਏ ਤੇ ਕੁਝ ਸਾਮਾਨ ਲੈ ਕੇ ਚਲੇ ਗਏ। ਲੱਗਭਗ 15 ਮਿੰਟ ਬਾਅਦ ਉਹ ਵਾਪਸ ਆਏ ਤੇ ਦੇਸੀ ਘਿਓ, ਨਕਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ। ਸੀਸੀਟੀਵੀ ਫੁਟੇਜ ’ਚ ਚਾਰ ਦੋਸ਼ੀ ਦਿਖਾਈ ਦੇ ਰਹੇ ਹਨ। ਪੁਲਿਸ ਅਨੁਸਾਰ ਸਾਰੀ ਘਟਨਾ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਰਿਕਾਰਡ ਹੋ ਗਈ ਹੈ। ਫੁਟੇਜ ’ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ 4 ਚੋਰ ਰਿਫਾਇੰਡ ਤੇਲ ਦੇ ਟੀਨ ਤੇ ਹੋਰ ਸਾਮਾਨ ਚੋਰੀ ਕਰਦੇ ਹਨ। ਪੁਲਿਸ ਨੇ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਦੀ ਪਛਾਣ ਕਰਨ ਤੇ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਫਿਲਹਾਲ ਪੁਲਿਸ ਨੇ ਪੀੜਤ ਦੇ ਬਿਆਨ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਕਰ ਰਹੀ ਹੈ।