ਹੁੱਲੜਬਾਜ਼ਾਂ ਨੂੰ ਰੋਕੇਗਾ ਹੋਲੀ ’ਤੇ ਹਰ ਚੌਕ ’ਤੇ ਲੱਗਣ ਵਾਲਾ ਨਾਕਾ
ਹੋਲੀ ’ਤੇ ਹਰ ਚੌਕ ’ਤੇ ਲੱਗੇਗਾ ਨਾਕਾ, ਹੁੜਦੰਗੀਆਂ ਦੀ ਖੈਰ ਨਹੀਂ
Publish Date: Tue, 03 Mar 2026 09:18 PM (IST)
Updated Date: Tue, 03 Mar 2026 09:20 PM (IST)

-ਜਲੰਧਰ ’ਚ ਹੋਲੀ ਮੌਕੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ, ਡਾਗ-ਬੰਬ ਸਕੁਐਡ ਤੇ ਡਰੋਨ ਨਾਲ ਹੋਵੇਗੀ ਨਿਗਰਾਨੀ -50 ਤੋਂ ਵੱਧ ਨਾਕਿਆਂ ਨਾਲ ਪੁਲਿਸ ਦਾ ਸਖ਼ਤ ਪਹਿਰਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੋਲੀ ਦਾ ਤਿਉਹਾਰ ਸ਼ਾਂਤੀਪੂਰਨ ਅਤੇ ਸੁਹਿਰਦ ਮਾਹੌਲ ’ਚ ਮਨਾਉਣ ਲਈ ਜਲੰਧਰ ਪੁਲਿਸ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੇ ਨਿਰਦੇਸ਼ਾਂ ਅਨੁਸਾਰ ਸ਼ਹਿਰ ’ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਾਰੇ ਅਧਿਕਾਰੀਆਂ ਨੂੰ ਅਲਰਟ ਕੀਤਾ ਗਿਆ ਹੈ। ਹੋਲੀ ਦੇ ਦਿਨ ਸ਼ਹਿਰ ’ਚ 50 ਤੋਂ ਵੱਧ ਥਾਵਾਂ ’ਤੇ ਨਾਕਾਬੰਦੀ ਕੀਤੀ ਜਾਵੇਗੀ, ਜਦਕਿ ਦਿਹਾਤੀ ਖੇਤਰਾਂ ’ਚ ਕਰੀਬ 100 ਥਾਵਾਂ ’ਤੇ ਨਾਕੇ ਲਾਏ ਜਾਣਗੇ। ਜ਼ਿਲ੍ਹੇ ਦੇ ਸਾਰੇ ਮੁੱਖ ਚੌਕ-ਚੌਰਾਹਿਆਂ, ਬਾਜ਼ਾਰਾਂ ਤੇ ਸੰਵੇਦਨਸ਼ੀਲ ਇਲਾਕਿਆਂ ’ਚ ਪੁਲਿਸ ਫੋਰਸ ਦੀ ਵਿਸ਼ੇਸ਼ ਤਾਇਨਾਤੀ ਰਹੇਗੀ। ਹੋਲੀ ਦੇ ਦਿਨ ਸਵੇਰੇ ਤੋਂ ਹੀ ਸ਼ਹਿਰ ਦੇ ਪ੍ਰਮੁੱਖ ਚੌਕਾਂ ’ਤੇ ਨਾਕੇ ਲਗਾਏ ਜਾਣਗੇ। ਇਨ੍ਹਾਂ ਨਾਕਿਆਂ ’ਤੇ ਵਾਹਨਾਂ ਦੀ ਰੈਂਡਮ ਚੈਕਿੰਗ ਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਜਾਵੇਗੀ। ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ’ਤੇ ਨਜ਼ਰ ਰੱਖੀ ਜਾਵੇਗੀ ਤਾਂ ਜੋ ਬਿਨਾਂ ਹੈਲਮੈਟ, ਤਿੰਨ ਸਵਾਰੀਆਂ ਜਾਂ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਹੋ ਸਕੇ। ਟ੍ਰੈਫਿਕ ਪੁਲਿਸ ਤੇ ਥਾਣਾ ਪੁਲਿਸ ਮਿਲ ਕੇ ਕਾਰਵਾਈ ਕਰੇਗੀ। ---------------------------- ਡਾਗ ਤੇ ਬੰਬ ਸਕੁਐਡ ਦੀ ਤਾਇਨਾਤੀ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਾਅ ਲਈ ਡਾਗ ਤੇ ਬੰਬ ਸਕੁਐਡ ਦੀਆਂ ਟੀਮਾਂ ਸੰਵੇਦਨਸ਼ੀਲ ਇਲਾਕਿਆਂ, ਬੱਸ ਅੱਡੇ, ਰੇਲਵੇ ਸਟੇਸ਼ਨ ਤੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ’ਚ ਗਸ਼ਤ ਕਰਨਗੀਆਂ। ਵੱਡੇ ਸਮਾਗਮਾਂ ਜਾਂ ਜਨਤਕ ਪ੍ਰੋਗਰਾਮਾਂ ਤੋਂ ਪਹਿਲਾਂ ਐਂਟੀ-ਸੈਬੋਟਾਜ ਚੈਕਿੰਗ ਕੀਤੀ ਜਾਵੇਗੀ। ਸ਼ੱਕੀ ਚੀਜ਼ ਮਿਲਣ ’ਤੇ ਤੁਰੰਤ ਇਲਾਕਾ ਖਾਲੀ ਕਰਵਾ ਕੇ ਜਾਂਚ ਕੀਤੀ ਜਾਵੇਗੀ। ------------------------ ਹੋਟਲ ਤੇ ਗੈਸਟ ਹਾਊਸਾਂ ਦੀ ਜਾਂਚ ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ਦੇ ਸਾਰੇ ਹੋਟਲਾਂ, ਗੈਸਟ ਹਾਊਸਾਂ ਤੇ ਧਰਮਸ਼ਾਲਾਵਾਂ ’ਚ ਰਹਿ ਰਹੇ ਮਹਿਮਾਨਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ। ਪੁਲਿਸ ਨੇ ਹੋਟਲ ਮਾਲਕਾਂ ਨੂੰ ਹਦਾਇਤ ਦਿੱਤੀ ਹੈ ਕਿ ਬਿਨਾਂ ਜਾਇਜ਼ ਪਛਾਣ ਪੱਤਰ ਕਿਸੇ ਨੂੰ ਵੀ ਕਮਰਾ ਨਾ ਦਿੱਤਾ ਜਾਵੇ। ਅਚਾਨਕ ਚੈਕਿੰਗ ਮੁਹਿੰਮ ਚਲਾ ਕੇ ਰਜਿਸਟਰ ਤੇ ਆਨਲਾਈਨ ਐਂਟਰੀ ਦੀ ਜਾਂਚ ਕੀਤੀ ਜਾਵੇਗੀ। ਬਾਹਰੀ ਸੂਬਿਆਂ ਤੋਂ ਆਉਣ ਵਾਲੇ ਸ਼ੱਕੀ ਵਿਅਕਤੀਆਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ। ------------------------ ਪੀਸੀਆਰ ਤੇ ਕੁਇਕ ਰਿਸਪਾਂਸ ਟੀਮ ਅਲਰਟ ਪੀਸੀਆਰ ਗੱਡੀਆਂ 24 ਘੰਟੇ ਗਸ਼ਤ ’ਤੇ ਰਹਿਣਗੀਆਂ। ਇਸ ਤੋਂ ਇਲਾਵਾ ਕੁਇਕ ਰਿਸਪਾਂਸ ਟੀਮ ਨੂੰ ਵੀ ਅਲਰਟ ਰੱਖਿਆ ਗਿਆ ਹੈ ਤਾਂ ਜੋ ਕਿਸੇ ਵੀ ਸੂਚਨਾ ’ਤੇ ਤੁਰੰਤ ਮੌਕੇ ’ਤੇ ਪਹੁੰਚਿਆ ਜਾ ਸਕੇ। ਕੰਟਰੋਲ ਰੂਮ ’ਚ ਵਾਧੂ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ ਤੇ ਐਮਰਜੈਂਸੀ ਕਾਲਾਂ ’ਤੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇਗੀ। ------------------------- ਸੀਸੀਟੀਵੀ ਤੇ ਡਰੋਨ ਰਾਹੀਂ ਨਿਗਰਾਨੀ ਸ਼ਹਿਰ ਦੇ ਮੁੱਖ ਸਥਾਨਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਾਨੀਟਰਿੰਗ ਕੰਟਰੋਲ ਰੂਮ ਤੋਂ ਕੀਤੀ ਜਾਵੇਗੀ। ਕੁਝ ਸੰਵੇਦਨਸ਼ੀਲ ਇਲਾਕਿਆਂ ’ਚ ਡਰੋਨ ਕੈਮਰਿਆਂ ਦੀ ਮਦਦ ਨਾਲ ਭੀੜ ਦੀ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾਵੇਗੀ। ਸੋਸ਼ਲ ਮੀਡੀਆ ਮਾਨੀਟਰਿੰਗ ਸੈੱਲ ਵੀ ਸਰਗਰਮ ਰਹੇਗਾ ਤਾਂ ਜੋ ਅਫ਼ਵਾਹ ਫੈਲਾਉਣ ਜਾਂ ਭੜਕਾਊ ਪੋਸਟ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾ ਸਕੇ। ------------------------ ਜ਼ਬਰਦਸਤੀ ਰੰਗ ਲਾਉਣ ਵਾਲਿਆਂ ’ਤੇ ਹੋਵੇਗੀ ਸਖ਼ਤੀ ਜ਼ਬਰਦਸਤੀ ਰੰਗ ਲਾਉਣ, ਔਰਤਾਂ ਨਾਲ ਬਦਸਲੂਕੀ, ਤੇਜ਼ ਰਫ਼ਤਾਰ ਬਾਈਕ ਸਟੰਟ, ਸ਼ਰਾਬ ਪੀ ਕੇ ਵਾਹਨ ਚਲਾਉਣ ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਲੋੜ ਪੈਣ ’ਤੇ ਅਜਿਹੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਵੀ ਕੀਤੀ ਜਾਵੇਗੀ। ਸਮਾਜ ਵਿਰੋਧੀ ਅਨਸਰਾਂ ਦੀ ਪਹਿਲਾਂ ਤੋਂ ਪਛਾਣ ਕਰਕੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ। ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਹੋਲੀ ਸ਼ਾਂਤੀ ਨਾਲ ਮਨਾਈ ਜਾਵੇ ਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ’ਚ ਸਹਿਯੋਗ ਦਿੱਤਾ ਜਾਵੇ। ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਜਾਂ ਨਜ਼ਦੀਕੀ ਥਾਣੇ ਨੂੰ ਦਿੱਤੀ ਜਾਵੇ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਤਿਉਹਾਰ ਮਨਾਉਣ ਵਾਲਿਆਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ ਪਰ ਕਾਨੂੰਨ ਹੱਥ ’ਚ ਲੈਣ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਸਖ਼ਤ ਸੁਰੱਖਿਆ ਪ੍ਰਬੰਧਾਂ ਨਾਲ ਇਸ ਵਾਰ ਹੋਲੀ ਸ਼ਾਂਤੀਪੂਰਨ ਤੇ ਸੁਰੱਖਿਅਤ ਮਾਹੌਲ ’ਚ ਮਨਾਈ ਜਾਵੇਗੀ। ਪੁਲਿਸ ਪੂਰੀ ਮੁਸਤੈਦੀ ਨਾਲ ਡਿਊਟੀ ’ਤੇ ਤੈਨਾਤ ਰਹੇਗੀ ਤਾਂ ਜੋ ਸ਼ਹਿਰ ’ਚ ਅਮਨ ਤੇ ਭਾਈਚਾਰਾ ਕਾਇਮ ਰਹੇ।