38 ਮਹੀਨੇ ਤੋਂ ਬੰਦ ਲਤੀਫਪੁਰਾ ਰੋਡ ਤੋਂ ਕਬਜ਼ੇ ਹਟਾਏ, ਲੋਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਦੀ ਟੰਕੀ ’ਤੇ ਚੜ੍ਹੇ
38 ਮਹੀਨੇ ਤੋਂ ਬੰਦ ਲਤੀਫਪੁਰਾ ਰੋਡ ਤੋਂ ਕਬਜ਼ੇ ਹਟਾਏ, ਲੋਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਦੀ ਟੰਕੀ ’ਤੇ ਚੜ੍ਹੇ
Publish Date: Tue, 10 Feb 2026 10:37 PM (IST)
Updated Date: Tue, 10 Feb 2026 10:38 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਪ੍ਰਸ਼ਾਸਨ ਨੇ ਆਖ਼ਿਰਕਾਰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਲਤੀਫਪੁਰਾ ਦੇ 120 ਫੁੱਟੀ ਰੋਡ ਤੋਂ ਕਬਜ਼ੇ ਹਟਾ ਦਿੱਤੇ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਆਦੇਸ਼ਾਂ ’ਤੇ ਸਵੇਰੇ 4 ਵਜੇ ਤੋਂ ਹੀ ਲਤੀਫਪੁਰਾ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਗਈ ਸੀ। ਨਗਰ ਨਿਗਮ ਦੀ ਮਸ਼ੀਨਰੀ ਤੇ ਪੁਲਿਸ ਬਲ ਨੇ ਕਈ ਘੰਟਿਆਂ ਦੀ ਕਾਰਵਾਈ ਤੋਂ ਬਾਅਦ ਸੜਕ ਨੂੰ ਖਾਲੀ ਕਰਵਾ ਲਿਆ। ਹਾਲਾਂਕਿ ਪੁਲਿਸ ਨੇ ਸ਼ਾਮ ਤੱਕ ਸੜਕ ਨੂੰ ਬਲਾਕ ਰੱਖਿਆ ਤੇ ਆਵਾਜਾਈ ਲਈ ਨਹੀਂ ਖੋਲ੍ਹਿਆ। ਪੁਲਿਸ ਨੂੰ ਖ਼ਦਸ਼ਾ ਹੈ ਕਿ ਲੋਕ ਮੁੜ ਸੜਕ ’ਤੇ ਕਬਜ਼ਾ ਨਾ ਕਰ ਲੈਣ। ਇਹ ਸੜਕ 38 ਮਹੀਨਿਆਂ ਤੋਂ ਕਬਜ਼ੇ ਹੇਠ ਸੀ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ’ਚ ਟ੍ਰੈਫਿਕ ਦੀ ਸਮੱਸਿਆ ਬਣੀ ਹੋਈ ਸੀ। ਰਾਹ ਖੁੱਲ੍ਹਣ ਨਾਲ 20 ਤੋਂ ਵੱਧ ਕਾਲੋਨੀਆਂ ਨੂੰ ਸਿੱਧਾ ਲਾਭ ਮਿਲੇਗਾ। ਸਕੂਲਾਂ, ਹਸਪਤਾਲਾਂ, ਧਾਰਮਿਕ ਸਥਾਨਾਂ ਤੇ ਸ਼ਮਸ਼ਾਨਘਾਟ ਤੱਕ ਆਉਣਾ-ਜਾਣਾ ਸੌਖਾ ਹੋਵੇਗਾ। ਕਾਰਵਾਈ ਤੋਂ ਪਹਿਲਾਂ ਲਤੀਫਪੁਰਾ ਦੇ ਆਲੇ-ਦੁਆਲੇ ਦੀਆਂ ਸੜਕਾਂ ’ਤੇ ਲੋਕਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ। ਇਹ ਐਕਸ਼ਨ ਤੜਕੇ ਕੀਤਾ ਗਿਆ ਤਾਂ ਜੋ ਲੋਕ ਵਿਰੋਧ ਨਾ ਕਰ ਸਕਣ। ਕਾਰਵਾਈ ਲਈ ਨਗਰ ਨਿਗਮ ਦੀਆਂ ਡਿਚ ਮਸ਼ੀਨਾਂ ਵਰਤੀ ਗਈਆਂ। ਦੂਜੇ ਪਾਸੇ, ਸੜਕ ਤੋਂ ਕਬਜ਼ੇ ਹਟਾਉਣ ਦੇ ਵਿਰੋਧ ’ਚ ਕੁਝ ਲੋਕ ਪੈਟਰੋਲ ਨਾਲ ਭਰੀਆਂ ਬੋਤਲਾਂ ਲੈ ਕੇ ਲਗਪਗ 150 ਫੁੱਟ ਉੱਚੀ ਪਾਣੀ ਦੀ ਟੰਕੀ ’ਤੇ ਚੜ੍ਹ ਗਏ। ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਨੂੰ ਸਮਝਾ ਕੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਲਤੀਫਪੁਰਾ ’ਚ ਇੰਪਰੂਵਮੈਂਟ ਟਰੱਸਟ ਦੀ ਜ਼ਮੀਨ ’ਤੇ ਕਈ ਦਹਾਕਿਆਂ ਤੋਂ ਲੋਕਾਂ ਦਾ ਕਬਜ਼ਾ ਸੀ। ਜੁਲਾਈ 2025 ’ਚ ਹਾਈਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੜਕਾਂ ਤੋਂ ਕਬਜ਼ੇ ਹਟਾਉਣ ਦੇ ਹੁਕਮ ਦਿੱਤੇ ਸਨ। ਕਾਰਵਾਈ ਨਾ ਹੋਣ ’ਤੇ ਪਟੀਸ਼ਨਰ ਨੇ ਅਦਾਲਤ ਦੀ ਉਲੰਘਣਾ ਦਾ ਮਾਮਲਾ ਦਰਜ ਕਰਵਾਇਆ ਸੀ। ਪਿਛਲੀ ਸੁਣਵਾਈ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਡੀਸ਼ਨਲ ਐਡਵੋਕੇਟ ਜਨਰਲ ਨੇ 9 ਫ਼ਰਵਰੀ ਤੱਕ ਦਾ ਸਮਾਂ ਮੰਗਿਆ ਸੀ ਤੇ 10 ਫ਼ਰਵਰੀ ਨੂੰ ਅਦਾਲਤ ’ਚ ਜਵਾਬ ਦਾਖ਼ਲ ਕਰਨਾ ਸੀ। ਇਸ ਤੋਂ ਪਹਿਲਾਂ ਹੀ ਕਾਰਵਾਈ ਕਰ ਦਿੱਤੀ ਗਈ। ਕਾਰਵਾਈ ਦੌਰਾਨ ਆਲੇ-ਦੁਆਲੇ ਦੀਆਂ ਸੜਕਾਂ ਸੀਲ ਕਰਨ ਕਾਰਨ ਸਕੂਲ ਵਾਹਨਾਂ ਸਮੇਤ ਆਮ ਲੋਕਾਂ ਨੂੰ ਦਿੱਕਤਾਂ ਆਈਆਂ। ਇਸ ਤੋਂ ਪਹਿਲਾਂ 9 ਦਸੰਬਰ 2022 ਨੂੰ ਵੀ ਲਤੀਫਪੁਰਾ ਦੀ ਜ਼ਮੀਨ ਤੋਂ ਕਬਜ਼ੇ ਹਟਾਏ ਗਏ ਸਨ, ਜਿੱਥੇ 70 ਤੋਂ ਵੱਧ ਮਕਾਨ ਬਣੇ ਹੋਏ ਸਨ। ਇਹ ਜ਼ਮੀਨ ਇੰਪਰੂਵਮੈਂਟ ਟਰੱਸਟ ਦੀ ਹੈ ਤੇ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਕਬਜ਼ੇ ਹਟਾਏ ਗਏ ਸਨ। ਉਸ ਸਮੇਂ ਇਹ ਮਾਮਲਾ ਕਾਫ਼ੀ ਚਰਚਾ ’ਚ ਰਿਹਾ ਸੀ। ਕੇਂਦਰੀ ਮੰਤਰੀ ਤੋਂ ਲੈ ਕੇ ਪੰਜਾਬ ਦੇ ਕਈ ਵੱਡੇ ਨੇਤਾ ਇੱਥੇ ਪੱਜੇ ਸਨ। ਇੰਪਰੂਵਮੈਂਟ ਟਰੱਸਟ ਨੇ ਲੋਕਾਂ ਨੂੰ ਸੂਰਿਆ ਐਨਕਲੇਵ ਨੇੜੇ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਲੋਕ ਲਤੀਫਪੁਰਾ ’ਚ ਹੀ ਦੁਬਾਰਾ ਵੱਸਣਾ ਚਾਹੁੰਦੇ ਹਨ। ਕਈ ਕਿਸਾਨ ਜੱਥੇਬੰਦੀਆਂ ਵੀ ਬੇਘਰ ਹੋਏ ਲੋਕਾਂ ਦਾ ਸਮਰਥਨ ਕਰ ਰਹੀਆਂ ਹਨ। ---------------------------- ਟੈਂਕੀ ’ਤੇ ਚੜ੍ਹੇ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਨਾਕਾਮ, ਇਕ ਔਰਤ ਬੇਹੋਸ਼ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਵਾਈ ਤੋਂ ਬਾਅਦ ਕੁਝ ਲੋਕ ਵਿਰੋਧ ’ਚ ਬੂਟਾਂ ਮੰਡੀ ਇਲਾਕੇ ’ਚ ਚਾਰਾ ਮੰਡੀ ਦੀ ਜ਼ਮੀਨ ’ਤੇ ਬਣੀ ਪਾਣੀ ਦੀ ਟੈਂਕੀ ’ਤੇ ਚੜ੍ਹ ਗਏ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਹੱਥਾਂ ’ਚ ਪੈਟਰੋਲ ਨਾਲ ਭਰੀਆਂ ਬੋਤਲਾਂ ਹਨ ਤੇ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਚਿਤਾਵਨੀ ਦੇ ਰਹੇ ਹਨ। ਲਗਪਗ 10 ਲੋਕ ਜਿਨ੍ਹਾਂ ’ਚ ਔਰਤਾਂ ਵੀ ਸ਼ਾਮਲ ਹਨ, ਟੈਂਕੀ ’ਤੇ ਮੌਜੂਦ ਹਨ। ਇਸ ਦੌਰਾਨ ਇਕ ਔਰਤ ਬੇਹੋਸ਼ ਹੋ ਗਈ। ਟੈਂਕੀ ਤੋਂ ਡਿੱਗਣ ਦਾ ਖ਼ਤਰਾ ਬਣ ਗਿਆ ਸੀ ਪਰ ਨਾਲ ਮੌਜੂਦ ਲੋਕਾਂ ਨੇ ਉਸ ਨੂੰ ਸੰਭਾਲ ਕੇ ਪਿੱਛੇ ਲਿਟਾ ਦਿੱਤਾ। ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਨਾਲ ਗੱਲਬਾਤ ਕਰਕੇ ਹਾਲਾਤ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। -------------------------- 120 ਫੁੱਟ ਰੋਡ ਖੁੱਲ੍ਹਣ ਨਾਲ ਪੀਪੀਆਰ ਮਾਲ ਤੱਕ ਸੌਖਾ ਰਸਤਾ ਲਤੀਫਪੁਰਾ ਰੋਡ ਤੋਂ ਕਬਜ਼ੇ ਹਟਣ ਨਾਲ 120 ਫੁੱਟ ਰੋਡ ’ਤੇ ਟ੍ਰੈਫਿਕ ਸੁਚਾਰੂ ਹੋ ਜਾਵੇਗਾ। ਇਹ ਸੜਕ 38 ਮਹੀਨਿਆਂ ਤੋਂ ਬੰਦ ਸੀ ਤੇ ਸਾਰਾ ਟ੍ਰੈਫਿਕ ਕਰੀਬ 15 ਫੁੱਟ ਦੀ ਸੜਕ ’ਤੇ ਆ ਗਿਆ ਸੀ, ਜਿਸ ਨਾਲ ਸਵੇਰੇ-ਸ਼ਾਮ ਜਾਮ ਦੀ ਸਥਿਤੀ ਬਣਦੀ ਸੀ। ਇਸ ਰਸਤੇ ਨਾਲ ਮਾਡਲ ਟਾਊਨ, ਗ੍ਰੀਨ ਮਾਡਲ ਟਾਊਨ, ਜੀਟੀਬੀ ਨਗਰ, ਹਾਊਸਿੰਗ ਬੋਰਡ ਕਾਲੋਨੀ, ਇੰਦਰਾ ਪਾਰਕ, ਅਰਬਨ ਐਸਟੇਟ ਤੇ ਪੀਪੀਆਰ ਮਾਲ ਸਮੇਤ ਕਈ ਇਲਾਕਿਆਂ ਨੂੰ ਲਾਭ ਮਿਲੇਗਾ। ਮਿੱਠਾਪੁਰ ਰੋਡ ਤੋਂ ਆਉਣ ਵਾਲਾ ਟ੍ਰੈਫਿਕ ਮਾਡਲ ਟਾਊਨ ਰਾਹੀਂ ਲੰਘਦਾ ਸੀ, ਹੁਣ ਆਵਾਜਾਈ ਸੌਖੀ ਹੋਵੇਗੀ। ਇਲਾਕੇ ’ਚ ਕਈ ਵੱਡੇ ਸਕੂਲ, ਗੁਰਦੁਆਰੇ, ਮੰਦਰ ਤੇ ਹਸਪਤਾਲ ਹਨ। ਮਾਡਲ ਟਾਊਨ ਦੇ ਸ਼ਮਸ਼ਾਨਘਾਟ ਤੱਕ ਪੁੱਜਣਾ ਵੀ ਮੁਸ਼ਕਲ ਹੋ ਰਿਹਾ ਸੀ, ਜੋ ਹੁਣ ਆਸਾਨ ਹੋਵੇਗਾ। ----------------------- ਲੋਕਾਂ ਨੂੰ ਬੀਬੀ ਭਾਨੀ ਕੰਪਲੈਕਸ ਫਲੈਟਾਂ ’ਚ ਸ਼ਿਫਟ ਕੀਤਾ, ਪ੍ਰਸ਼ਾਸਨ ਦਾ ਧੰਨਵਾਦ ਸੜਕ ਤੋਂ ਕਬਜ਼ੇ ਹਟਾਉਣ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਫਲੈਟਾਂ ’ਚ ਸ਼ਿਫਟ ਕਰਨ ਲਈ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ। ਡੀਸੀ ਡਾ. ਹਿਮਾਂਸ਼ੂ ਅਗਰਵਾਲ ਦੇ ਨਿਰਦੇਸ਼ਾਂ ’ਤੇ ਰੈੱਡ ਕ੍ਰਾਸ ਸੁਸਾਇਟੀ ਤੇ ਕਈ ਸਮਾਜਿਕ ਸੰਸਥਾਵਾਂ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਰਹੀਆਂ। ਇੰਪਰੂਵਮੈਂਟ ਟਰੱਸਟ ਦੇ ਬੀਬੀ ਭਾਨੀ ਕੰਪਲੈਕਸ ਫਲੈਟਾਂ ’ਚ ਲੋਕਾਂ ਨੂੰ ਵਸਾਇਆ ਗਿਆ। ਸਵੇਰੇ ਕਾਰਵਾਈ ਦੌਰਾਨ ਲੋਕਾਂ ਦਾ ਸਾਮਾਨ ਇਕੱਠਾ ਕਰਕੇ ਟੈਂਪੋ ਆਦਿ ਰਾਹੀਂ ਫਲੈਟਾਂ ਤੱਕ ਪਹੁੰਚਾਇਆ ਗਿਆ। ਜੇ ਕਿਸੇ ਫਲੈਟ ’ਚ ਬਿਜਲੀ ਜਾਂ ਪਾਣੀ ਦੀ ਸਮੱਸਿਆ ਸੀ ਤਾਂ ਉਸਨੂੰ ਮੌਕੇ ’ਤੇ ਹੀ ਠੀਕ ਕਰਵਾਇਆ ਗਿਆ। ਸਮਾਜਿਕ ਸੰਸਥਾਵਾਂ ਵੱਲੋਂ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ। ਲਤੀਫਪੁਰਾ ਦੇ ਰਹਿਣ ਵਾਲੇ ਨਰਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਬੀਬੀ ਭਾਨੀ ਕੰਪਲੈਕਸ ’ਚ ਫਲੈਟ ਦਿੱਤਾ ਗਿਆ ਹੈ ਤੇ ਸਾਰਾ ਸਾਮਾਨ ਉੱਥੇ ਪੁੱਜਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪ੍ਰਬੰਧਾਂ ਨਾਲ ਸੰਤੁਸ਼ਟ ਹਨ। ਹੋਰ ਲੋਕਾਂ ਨੇ ਵੀ ਪ੍ਰਸ਼ਾਸਨ ਦੀ ਪਹਿਲ ਦਾ ਸਵਾਗਤ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਅਸਮਰੱਥ ਵਿਅਕਤੀ ਨੂੰ ਵ੍ਹੀਲਚੇਅਰ ਵੀ ਮੁਹੱਈਆ ਕਰਵਾਈ ਤਾਂ ਜੋ ਉਸ ਨੂੰ ਆਉਣ-ਜਾਣ ’ਚ ਦਿੱਕਤ ਨਾ ਆਵੇ। ਮਾਡਲ ਟਾਊਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜੀਵ ਦੁੱਗਲ ਨੇ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਰਸਤਾ ਬੰਦ ਹੋਣ ਨਾਲ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਆ ਰਹੀਆਂ ਸਨ। ਗਾਰਡਨ ਕਾਲੋਨੀ ਤੇ ਹੋਰ ਇਲਾਕਿਆਂ ਦੇ ਵਸਨੀਕਾਂ ਨੇ ਵੀ ਕਿਹਾ ਕਿ ਹੁਣ ਆਵਾਜਾਈ ਆਸਾਨ ਹੋ ਗਈ ਹੈ। ਮਾਡਲ ਟਾਊਨ ਜੁਆਇੰਟ ਐਕਸ਼ਨ ਕਮੇਟੀ ਦੇ ਜਸਵਿੰਦਰ ਸਿੰਘ ਸਾਹਨੀ ਤੇ ਲਲਿਤ ਤ੍ਰਿਖਾ ਨੇ ਵੀ ਪ੍ਰਸ਼ਾਸਨ ਦੀ ਕਾਰਵਾਈ ਦਾ ਸਵਾਗਤ ਕੀਤਾ ਤੇ ਕਿਹਾ ਕਿ ਲੰਮੇ ਸਮੇਂ ਤੋਂ ਇਸ ਦੀ ਉਡੀਕ ਸੀ।