ਪੁਲਿਸ ਵੱਲੋਂ ਦੋ ਵਿਅਕਤੀ ਕਾਬੂ, 20 ਗੱਟੂ ਚੀਨੀ ਡੋਰ ਬਰਾਮਦ
ਨੂਰਮਹਿਲ ਪੁਲਿਸ ਵੱਲੋਂ ਦੋ ਵਿਅਕਤੀ ਕਾਬੂ, 20 ਗੱਟੂ ਚਾਇਨਾ ਡੋਰ ਬਰਾਮਦ
Publish Date: Sat, 03 Jan 2026 10:25 PM (IST)
Updated Date: Sat, 03 Jan 2026 10:26 PM (IST)

ਤੇਜਿੰਦਰ ਕੁਮਾਰ, ਪੰਜਾਬੀ ਜਾਗਰਣ, ਨੂਰਮਹਿਲ/ ਬਿਲਗਾ : ਜ਼ਿਲ੍ਹਾ ਦਿਹਾਤੀ ਪੁਲਿਸ ਵੱਲੋਂ ਚਾਇਨਾ ਡੋਰ ਦੇ ਗੈਰ-ਕਾਨੂੰਨੀ ਵਪਾਰ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਨੂਰਮਹਿਲ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਭਾਰੀ ਮਾਤਰਾ ਵਿਚ ਚਾਈਨਾ ਡੋਰ ਬਰਾਮਦ ਕੀਤੀ ਹੈ। ਐੱਸਐੱਸਪੀ ਦਿਹਾਤੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਨੂਰਮਹਿਲ ਦੇ ਮੁਖੀ ਪਲਵਿੰਦਰ ਸਿੰਘ ਦੀ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਵਿਰਕ ਨੇ ਦੱਸਿਆ ਕਿ 2 ਜਨਵਰੀ ਨੂੰ ਏਐੱਸਆਈ ਜਸਪਾਲ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੌਰਾਨ ਮੌਜੂਦ ਸਨ। ਇਸ ਦੌਰਾਨ ਮੁਖ਼ਬਰ ਖ਼ਾਸ ਵੱਲੋਂ ਮਿਲੀ ਸੂਚਨਾ ਦੇ ਆਧਾਰ ’ਤੇ ਚੀਮਾ ਕਲਾਂ ਚੌਕ, ਨੂਰਮਹਿਲ ਵਿਖੇ ਨਾਕਾਬੰਦੀ ਕੀਤੀ ਗਈ। ਨਾਕੇ ਦੌਰਾਨ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ। ਉਸ ਵਿੱਚ ਸਵਾਰ ਵਰੁਣ ਤੇ ਨਰੇਸ਼ ਕੁਮਾਰ ਦੋਵੇਂ ਵਾਸੀ ਬੱਸੀ ਵਜੀਦ, ਥਾਣਾ ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ ਦੇ ਕਬਜ਼ੇ ਵਿਚੋਂ ਪਲਾਸਟਿਕ ਦੇ ਬੋਰੇ ਵਿਚ ਰੱਖੇ 20 ਗੱਟੂ ਚਾਇਨਾ ਡੋਰ ਬਰਾਮਦ ਕੀਤੇ ਗਏ। ਪੁਲਿਸ ਨੇ ਦੋਵੇਂ ਦੋਸ਼ੀਆਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਨੂਰਮਹਿਲ ਵਿਖੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ 20 ਗੱਟੂ ਚਾਇਨਾ ਡੋਰ ਅਤੇ ਵਰਤੀ ਗਈ ਕਾਰ ਨੂੰ ਵੀ ਕਬਜ਼ੇ ’ਚ ਲਿਆ ਗਿਆ ਹੈ। ਸੀਨੀਅਰ ਪੁਲਿਸ ਕਪਤਾਨ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਚਾਇਨਾ ਡੋਰ ਮਨੁੱਖੀ ਜਾਨ, ਪੰਛੀਆਂ ਤੇ ਪਸ਼ੂਆਂ ਲਈ ਬਹੁਤ ਘਾਤਕ ਹੈ। ਇਸ ਦੀ ਖਰੀਦ-ਫਰੋਖ਼ਤ, ਸਟੋਰ ਕਰਨ ਜਾਂ ਵਰਤੋਂ ਕਰਨਾ ਕਾਨੂੰਨੀ ਅਪਰਾਧ ਹੈ। ਉਨ੍ਹਾਂ ਕਿਹਾ ਕਿ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।