ਨੂਰਮਹਿਲ ਪੁਲਿਸ ’ਤੇ ਝੂਠਾ ਪਰਚਾ ਦਰਜ ਕਰਨ ਦਾ ਦੋਸ਼
ਨੂਰਮਹਿਲ ਪੁਲਿਸ ’ਤੇ ਝੂਠਾ ਪਰਚਾ ਦਰਜ ਕਰਨ ਦਾ ਦੋਸ਼
Publish Date: Wed, 08 Apr 2026 09:36 PM (IST)
Updated Date: Wed, 08 Apr 2026 09:38 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਸ਼ਾ ਸਪਲਾਈ ਦੇ ਮਾਮਲੇ ’ਚ ਇਕ ਪਰਿਵਾਰ ਨੇ ਨੂਰਮਹਿਲ ਪੁਲਿਸ ’ਤੇ ਜਬਰਦਸਤੀ ਪਰਚਾ ਦਰਜ ਕਰਨ ਦਾ ਦੋਸ਼ ਲਾਇਆ ਹੈ। ਡੱਲਾ ਪਿੰਡ ਦੇ ਮਾਂ, ਪੁੱਤਰ ਤੇ ਉਸ ਦੇ ਦੋਸਤ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਬਿਨਾਂ ਕਿਸੇ ਠੋਸ ਕਾਰਨ ਮਾਮਲਾ ਦਰਜ ਕੀਤਾ ਹੈ। ਡੱਲਾ ਨਿਵਾਸੀ ਓਮ ਪ੍ਰਕਾਸ਼ ਦੇ ਪੁੱਤਰ ਦੀਪਕ ਕੁਮਾਰ ਉਰਫ਼ ਸੋਨੂ, ਉਸ ਦੀ ਮਾਂ ਤੇ ਦੋਸਤ ਰਿਤਿਕ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਨਕੋਦਰ ਬਾਈਪਾਸ ਨੇੜੇ ਸਨ, ਜਦੋਂ ਇਕ ਹੋਮਗਾਰਡ ਮੁਲਾਜ਼ਮ, ਜੋ ਉਨ੍ਹਾਂ ਨੂੰ ਪਹਿਲਾਂ ਤੋਂ ਜਾਣਦਾ ਸੀ, ਨਿੱਜੀ ਗੱਡੀ ’ਚ ਕੁਝ ਹੋਰ ਲੋਕਾਂ ਨਾਲ ਆਇਆ। ਹੋਮਗਾਰਡ ਉਨ੍ਹਾਂ ਨਾਲ ਮਿਲਿਆ ਤੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਦਿੱਤਾ। ਜਦੋਂ ਉਨ੍ਹਾਂ ਨੇ ਕਾਰਨ ਪੁੱਛਿਆ ਤਾਂ ਹੋਮਗਾਰਡ ਨੇ ਕਿਹਾ ਕਿ ਉਹ ਇਕ ਵੀਡੀਓ ਬਣਾਉਣਾ ਚਾਹੁੰਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਵੀਡੀਓ ਬਣਾਈ ਗਈ। ਪੀੜਤਾਂ ਦਾ ਦੋਸ਼ ਹੈ ਕਿ ਵੀਡੀਓ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਥਾਣੇ ਲੈ ਜਾਇਆ ਗਿਆ ਤੇ ਉੱਥੇ ਬੁਰੀ ਤਰ੍ਹਾਂ ਮਾਰਿਆ-ਕੁੱਟਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਹੋਮਗਾਰਡ ਨੇ ਉਨ੍ਹਾਂ ਨੂੰ ਕਿਹਾ ਕਿ ਥਾਣਾ ਮੁਖੀ ਨੇ ਉਸ ਨੂੰ ਨਸ਼ੇ ਦੇ ਕੇਸਾਂ ’ਚ ਹਰ ਰੋਜ਼ 2 ਲੋਕਾਂ ’ਤੇ ਪਰਚਾ ਦਰਜ ਕਰਨ ਦਾ ਟਾਰਗੇਟ ਦਿੱਤਾ ਹੋਇਆ ਹੈ। ਸੋਨੂ ਦੀ ਮਾਂ ਨੇ ਦੱਸਿਆ ਕਿ ਪੁਲਿਸ ਪਹਿਲਾਂ ਵੀ ਉਸ ਦੇ ਪੁੱਤਰ ਖ਼ਿਲਾਫ਼ ਜਬਰਦਸਤੀ ਮਾਮਲਾ ਦਰਜ ਕਰ ਚੁੱਕੀ ਹੈ। ਮਾਂ ਨੇ ਕਿਹਾ ਕਿ ਨੂਰਮਹਿਲ ਪੁਲਿਸ ਨੇ ਗਲਤ ਕੀਤਾ ਹੈ ਤੇ ਉਹ ਆਉਣ ਵਾਲੇ ਦਿਨਾਂ ’ਚ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮਿਲੇਗੀ। ਨੂਰਮਹਿਲ ਥਾਣੇ ਦੇ ਥਾਣਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠ ਕਰਾਰ ਦਿੰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।