ਨੰਬਰਦਾਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇ : ਮੁੰਧ, ਹੇਅਰ
ਨੰਬਰਦਾਰ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਸਬੰਧੀ ਸੂਬੇ ਭਰ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਜਾਣਗੇ ਮੰਗ ਪੱਤਰ -- ਮੁੰਧ, ਹੇਅਰ
Publish Date: Wed, 01 Apr 2026 07:07 PM (IST)
Updated Date: Wed, 01 Apr 2026 07:10 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਭਗਵੰਤ ਮਾਨ ਦੀ ਸਰਕਾਰ ਵੱਲੋਂ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨੂੰ ਨਾ ਮੰਨ ਕੇ ਨੰਬਰਦਾਰਾਂ ਨੂੰ ਅਣਗੌਲ਼ਿਆ ਕਰਨਾ ਸਰਕਾਰ ਦੀ ਨੰਬਰਦਾਰਾਂ ਪਤੀ ਬੇਰੁਖੀ ਪ੍ਰਗਟ ਕਰਦਾ ਹੈ। ਇਹ ਵਿਚਾਰ ਹਰਕੰਵਲ ਸਿੰਘ ਮੁੰਧ ਸੀਨੀਅਰ ਮੀਤ ਪ੍ਰਧਾਨ ਪੰਜਾਬ ਤੇ ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ ਨੇ ਅੱਜ ਨੰਬਰਦਾਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਨੇ ਕਿਹਾ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਨੰਬਰਦਾਰ ਯੂਨੀਅਨ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਉਪਰੰਤ ਨੰਬਰਦਾਰਾਂ ਦਾ ਮਾਣ ਭੱਤਾ ਦੁੱਗਣਾ ਤੇ ਨੰਬਰਦਾਰੀ ਜੱਦੀ ਪੁਸ਼ਟੀ ਕੀਤੀ ਜਾਵੇਗੀ। ਅੱਜ ਸਰਕਾਰ ਦੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਨੰਬਰਦਾਰਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਜੇ ਸਰਕਾਰ ਨੇ ਨੰਬਰਦਾਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਰਕਾਰ ਨੂੰ 2027 ਦੀਆਂ ਚੋਣਾਂ ’ਚ ਨਤੀਜੇ ਭੁਗਤਣੇ ਪੈਣਗੇ। ਇਸ ਸਬੰਧੀ ਨੰਬਰਦਾਰ ਯੂਨੀਅਨ ਪੰਜਾਬ (ਰਜਿਸਟਰ 643) ਵੱਲੋਂ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਰਾਹੀ ਮੰਗ ਪੱਤਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਜਾਣਗੇ। ਇਸ ਮੌਕੇ ਹਰਕੰਵਲ ਸਿੰਘ ਮੁੰਧ ਸੀਨੀਅਰ ਮੀਤ ਪ੍ਰਧਾਨ ਪੰਜਾਬ, ਗੁਰਦੇਵ ਲਾਲ ਸੰਧੂ, ਹਰਿੰਦਰ ਪਾਲ ਪ੍ਰੈੱਸ ਸਕੱਤਰ, ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ, ਰਾਜ ਕੁਮਾਰ ਮਹਿੰਮੀ ਜ਼ਿਲ੍ਹਾ ਜਨਰਲ ਸਕੱਤਰ ਜਲੰਧਰ ਦਿਹਾਤੀ, ਹਰਦਿਆਲ ਸਿੰਘ, ਮਨਜੀਤ ਲਾਲ, ਰਤਨ ਰਾਏ, ਸੁਰਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।