ਨੰਬਰਦਾਰ ਯੂਨੀਅਨ ਪੰਜਾਬ ਨੇ ਵਿੱਤ ਮੰਤਰੀ ਨੂੰ ਦਿੱਤਾ ਮੰਗ ਪੱਤਰ
ਨੰਬਰਦਾਰ ਯੂਨੀਅਨ ਪੰਜਾਬ ਨੇ ਆਪਣੀਆਂ ਮੰਗਾਂ ਸਬੰਧੀ ਵਿੱਤ ਮੰਤਰੀ ਨੂੰ ਦਿੱਤਾ ਮੰਗ ਪੱਤਰ
Publish Date: Wed, 22 Apr 2026 07:48 PM (IST)
Updated Date: Wed, 22 Apr 2026 07:52 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਪੰਜਾਬ ਨੰਬਰਦਾਰ ਯੂਨੀਅਨ 643 ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਅਤੇ ਉਨ੍ਹਾਂ ਨਾਲ ਵਫਦ ’ਚ ਗਏ ਗੁਰਦਰਸ਼ਨ ਸਿੰਘ ਗਲੌਲੀ ਸੂਬਾ ਚੀਫ ਪੈਟਰਨ, ਰਸ਼ਪਾਲ ਸਿੰਘ ਰਾਮਪੁਰ ਸੂਬਾ ਸਕੱਤਰ ਜਨਰਲ, ਜਸਵੰਤ ਸਿੰਘ ਰੰਧਾਵਾ ਸੀਨੀਅਰ ਮੀਤ ਪ੍ਰਧਾਨ, ਸੁਰਜੀਤ ਸਿੰਘ ਨਨਹੇੜਾ ਸੀਨੀਅਰ ਮੀਤ ਪ੍ਰਧਾਨ, ਹਰਕੰਵਲ ਸਿੰਘ ਮੁੰਧ ਸੀਨੀਅਰ ਮੀਤ ਪ੍ਰਧਾਨ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਦੋ ਮੁੱਖ ਮੰਗਾਂ ਜਿਨ੍ਹਾਂ ਵਿਚ ਮਾਣਭੱਤਾ ਪੰਜ ਹਜ਼ਾਰ ਰੁਪਏ ਤੇ ਨੰਬਰਦਾਰੀ ਜੱਦੀ ਪੁਸ਼ਤੀ ਕਰਨਾ ਸੀ। ਜੱਦੀ ਪੁਸ਼ਤੀ ਮੰਗ ਸਬੰਧੀ ਵਿੱਤ ਮੰਤਰੀ ਨੇ ਸਹਿਮਤੀ ਦਿੱਤੀ ਕਿ ਹਾਈਕੋਰਟ ਕੋਰਟ ਵੱਲੋਂ ਇਸ ’ਤੇ ਰੋਕ ਲਾਈ ਹੋਈ ਹੈ ਅਤੇ ਇਸ ਦਾ ਹੱਲ ਕੱਢਦਿਆਂ ਉਨ੍ਹਾਂ ਕਿਹਾ ਕਿ ਨੰਬਰਦਾਰ ਆਪਣੇ ਵਾਰਿਸ ਨੂੰ ਸਰਬਰਾਹ ਬਣਾ ਲਵੇ ਤੇ ਬਾਅਦ ਵਿੱਚ ਨੰਬਰਦਾਰ ਦੀ ਮੌਤ ਹੋਣ ’ਤੇ ਨਵੀਂ ਨਿਯੁਕਤੀ ਸਮੇਂ ਸਰਬਰਾਹ ਨੰਬਰਦਾਰ ਨੂੰ ਪਹਿਲ ਦੇ ਆਧਾਰ ’ਤੇ ਨੰਬਰਦਾਰ ਬਣਾ ਦਿੱਤਾ ਜਾਵੇਗਾ। ਦੂਜਾ ਮਾਣਭੱਤਾ ਵਧਾਉਣ ਲਈ ਹਾਜ਼ਰ ਵਿੱਤ ਵਿਭਾਗ ਦੇ ਸੈਕਟਰੀ ਨੂੰ ਉਨ੍ਹਾਂ ਹਦਾਇਤ ਕੀਤੀ ਕਿ ਮਾਣਭੱਤੇ ਵਿਚ ਵਾਧਾ ਕਰਨ ਲਈ ਬਜਟ ਦਾ ਪ੍ਰਬੰਧ ਕੀਤਾ ਜਾਵੇ ਤੇ ਜਲਦੀ ਫਿਰ ਦੂਸਰੀ ਮੀਟਿੰਗ ਕਰਕੇ ਮੰਗਾਂ ਲਾਗੂ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਨੰਬਰਦਾਰਾਂ ਨੂੰ ਆਨਲਾਈਨ ਗਵਾਹੀਆਂ ਲਈ ਮੋਬਾਈਲ ਫੋਨ ਸਮੇਤ ਸਿਮ ਤੇ ਰੀਚਾਰਜ, ਬੱਸ ਕਿਰਾਇਆ ਮਾਫ ਕਰਨ ਆਦਿ ਮੰਗਾਂ ਦੀ ਵੀ ਮੰਗ ਕੀਤੀ।