ਟ੍ਰੈਕਿੰਗ ਕੈਂਪ ਦਾ ਹਿੱਸਾ ਬਣੇ ਮਦਰਜ਼ ਪ੍ਰਾਈਡ ਸਕੂਲ ਦੇ ਵਲੰਟੀਅਰ
ਮਦਰਜ਼ ਪ੍ਰਾਈਡ ਸਕੂਲ ਦੇ ਐੱਨਐੱਸਐੱਸ ਵਲੰਟੀਅਰਾਂ ਨੇ ਟ੍ਰੈਕਿੰਗ ਕੈਂਪ ‘ਚ ਲਿਆ ਹਿੱਸਾ
Publish Date: Tue, 10 Feb 2026 08:01 PM (IST)
Updated Date: Tue, 10 Feb 2026 08:02 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਦੀ ਐੱਨਐੱਸਐੱਸ ਯੂਨਿਟ ਵੱਲੋਂ ਚੰਡੀਗੜ੍ਹ ਦੇ ਪੱਲਣਪੁਰ ਵਿਖੇ ਲਗਾਏ ਗਏ ਪੰਜ ਰੋਜ਼ਾ ਐਡਵੈਂਚਰ, ਹਾਈਕਿੰਗ ਤੇ ਟ੍ਰੈਕਿੰਗ ਕੈਂਪ ਵਿਚ ਸ਼ਮੂਲੀਅਤ ਕੀਤੀ ਗਈ। ਸਕੂਲ ਚੇਅਰਪਰਸਨ ਅਰੁਣ ਜੱਸਲ ਤੇ ਪ੍ਰਿੰਸੀਪਲ ਰਜਨੀ ਬਾਲਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਇਸ ਕੈਂਪ ਦੌਰਾਨ ਵੱਖ-ਵੱਖ ਸਾਹਸੀ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਹ ਕੈਂਪ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਕਰਵਾਇਆ ਗਿਆ ਸੀ। ਸਕੂਲ ਦੇ ਅਧਿਆਪਕ ਅਤੇ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਸੌਰਵ ਦਾਦਰੀਆ ਦੀ ਅਗਵਾਈ ਹੇਠ ਕੈਂਪ ਵਿੱਚ ਕਰੀਬ 50 ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਦੌਰਾਨ ਦਿਨ ਦੀ ਸ਼ੁਰੂਆਤ ਸਵੇਰੇ ਪੀ.ਟੀ ਅਤੇ ਯੋਗ ਅਭਿਆਸ ਨਾਲ ਹੁੰਦੀ ਸੀ, ਜਿਸ ਨਾਲ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿਣ ਦੇ ਗੁਰ ਸਿਖਾਏ ਗਏ। ਨਾਸ਼ਤੇ ਉਪਰੰਤ ਵਿਦਿਆਰਥੀਆਂ ਨੂੰ ਪਹਾੜੀ ਖੇਤਰਾਂ ਵਿੱਚ ਰੋਜ਼ਾਨਾ 25 ਤੋਂ 30 ਕਿਲੋਮੀਟਰ ਦੀ ਟ੍ਰੈਕਿੰਗ ਕਰਵਾਈ ਜਾਂਦੀ ਸੀ ਅਤੇ ਐਡਵੈਂਚਰ ਗਤੀਵਿਧੀਆਂ ਰਾਹੀਂ ਉਨ੍ਹਾਂ ਦੇ ਹੌਸਲੇ ਬੁਲੰਦ ਕੀਤੇ ਜਾਂਦੇ ਸਨ। ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਰੋਜ਼ਾਨਾ ਕੈਂਪ ਦਾ ਨਿਰੀਖਣ ਕਰਦੇ ਸਨ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਮਨੋਬਲ ਵਧਾਉਂਦੇ ਸਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਮਾਜਿਕ ਸੇਵਾ ਦੇ ਕਾਰਜਾਂ ਨਾਲ ਜੋੜਨਾ ਤੇ ਭਵਿੱਖ ਵਿਚ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਤਿਆਰ ਕਰਨਾ ਸੀ।