ਸਕੂਲ ਆਫ ਐਮੀਨੈਸ, ਲਾਡੋਵਾਲੀ ਰੋਡ ਦੇ ਐੱਨਐੱਸਐੱਸ ਯੂਨਿਟ ਨੇ ਵੋਟਰ ਦਿਵਸ ਮਨਾਇਆ
ਸਕੂਲ ਆਫ ਐਮੀਨੈਸ, ਲਾਡੋਵਾਲੀ ਰੋਡ ਦੇ ਐੱਨਐੱਸਐੱਸ ਯੂਨਿਟ ਵੱਲੋਂ ਵੋਟਰ ਦਿਵਸ ਮਨਾਇਆ
Publish Date: Sun, 25 Jan 2026 07:37 PM (IST)
Updated Date: Mon, 26 Jan 2026 04:16 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਕੂਲ ਆਫ ਐਮੀਨੈਸ ’ਚ ਐੱਨਐੱਸਐੱਸ ਯੂਨਿਟ ਵੱਲੋਂ ਵੋਟਰ ਦਿਵਸ ਤਹਿਤ ਵਿਦਿਆਰਥੀਆਂ ’ਚ ਲੋਕਤੰਤਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ। ਪ੍ਰੋਗਰਾਮ ’ਚ ਅਫਸਰ ਸੁਖਵਿੰਦਰ ਕੁਮਾਰ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਵੋਟਰ ਦਿਵਸ ਮਨਾਉਣ ਦਾ ਮੂਲ ਉਦੇਸ਼ ਨਵੇਂ ਵੋਟਰਾਂ ’ਚ ਜਾਗਰੂਕਤਾ ਪੈਦਾ ਕਰਨਾ ਤੇ ਲੋਕਤੰਤਰ ਦੀ ਮਜ਼ਬੂਤੀ ਲਈ ਪ੍ਰੇਰਣਾ ਦੇਣਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਭੇਦਭਾਵ ਦੇ ਕਰਨ ਲਈ ਉਤਸ਼ਾਹਤ ਕੀਤਾ। ਖਾਸ ਤੌਰ ’ਤੇ ਉਹ ਵਿਦਿਆਰਥੀ ਜੋ 18 ਸਾਲ ਦੇ ਹੋ ਚੁੱਕੇ ਹਨ ਜਾਂ ਹੋਣ ਵਾਲੇ ਹਨ, ਉਨ੍ਹਾਂ ਨੂੰ ਵੋਟ ਬਣਨ ਤੇ ਭਾਰਤੀ ਲੋਕਤੰਤਰ ’ਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਸੁਖਵਿੰਦਰ ਕੁਮਾਰ ਨੇ ਇਹ ਵੀ ਜ਼ੋਰ ਦਿੱਤਾ ਕਿ ਭਾਰਤੀ ਲੋਕ ਸਦੀ ਦੌਰਾਨ ਲੋਕਤੰਤਰਕ ਪ੍ਰੰਪਰਾਵਾਂ ਦਾ ਸਦਾਈ ਸਮਰਥਨ ਕਰਦੇ ਆ ਰਹੇ ਹਨ, ਇਸ ਲਈ ਨਵੇਂ ਪੀੜ੍ਹੀ ਦੇ ਵਿਦਿਆਰਥੀਆਂ ਨੂੰ ਵੀ ਲੋਕਤੰਤਰ ਦੀ ਮਜ਼ਬੂਤੀ ਤੇ ਭਾਗੀਦਾਰੀ ’ਚ ਰੁਚੀ ਰੱਖਣੀ ਚਾਹੀਦੀ ਹੈ। ਪ੍ਰਿੰਸੀਪਲ ਡਾ. ਜੋਗੇਸ਼ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ’ਚ ਲੋਕਤੰਤਰ ਦੀ ਮਹੱਤਤਾ, ਜ਼ਿੰਮੇਵਾਰੀ ਤੇ ਸਮਾਜਿਕ ਭਾਗੀਦਾਰੀ ਬਾਰੇ ਜਾਣੂ ਕਰਵਾਇਆ। ਇਸ ਮੌਕੇ ਜਸਵਿੰਦਰ ਸਿੰਘ, ਰੋਹਿਤ ਸੈਣੀ, ਦੇਸਰਾਜ, ਅਨੀਤਾ, ਰਾਧਿਕਾ ਤੇ ਗੁਰਪ੍ਰੀਤ ਸਮੇਤ ਹੋਰ ਅਧਿਆਪਕ ਵੀ ਵਿਸ਼ੇਸ਼ ਰੂਪ ’ਚ ਮੌਜੂਦ ਸਨ।