ਰੰਗਾਰੰਗ ਪ੍ਰੋਗਰਾਮ ਨਾਲ ਐੱਨਐੱਸਐੱਸ ਕੈਂਪ ਦੀ ਸਮਾਪਤੀ
“ਸੇਵਾ ਤੋਂ ਜਸ਼ਨ ਤੱਕ” ਸਿਰਲੇਖ ਹੇਠ ਸੱਤ-ਰੋਜ਼ਾ ਐੱਨਐੱਸਐੱਸ ਵਿਸ਼ੇਸ਼ ਕੈਂਪ ਦਾ ਭਵਿਆ ਸਮਾਪਤੀ ਸਮਾਰੋਹ ਕਰਵਾਇਆ
Publish Date: Mon, 12 Jan 2026 06:43 PM (IST)
Updated Date: Mon, 12 Jan 2026 06:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ’ਚ “ਸੇਵਾ ਤੋਂ ਜਸ਼ਨ ਤੱਕ” ਸਿਰਲੇਖ ਹੇਠ ਲਗਾਏ ਸੱਤ-ਰੋਜ਼ਾ ਵਿਸ਼ੇਸ਼ ਐੱਨਐੱਸਐੱਸ ਕੈਂਪ ਦਾ ਸਮਾਪਤੀ ਸਮਾਰੋਹ ਜੋਸ਼ ਭਰੇ ਮਾਹੌਲ ’ਚ ਸਫ਼ਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਬਲਵੀਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਦੀ ਸ਼ੁਰੂਆਤ ਸੱਭਿਆਚਾਰਕ ਪ੍ਰਦਰਸ਼ਨਾਂ ਨਾਲ ਹੋਈ, ਜਿਸ ’ਚ ਤਿੰਨ ਸਮੂਹ ਨਾਚ ਤੇ ਦੋ ਭਾਵਪੂਰਨ ਕਵਿਤਾਵਾਂ ਸ਼ਾਮਲ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਬਲਵੀਰ ਸਿੰਘ ਢਿੱਲੋਂ ਨੇ ਐੱਨਐੱਸਐੱਸ ਵਲੰਟੀਅਰਾਂ ਦੇ ਸਮਰਪਣ, ਅਨੁਸ਼ਾਸਨ ਤੇ ਨਿਰਸਵਾਰਥ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਨੌਜਵਾਨਾਂ ਵੱਲੋਂ ਸੇਵਾ ਰਾਹੀਂ ਰਾਸ਼ਟਰ ਨਿਰਮਾਣ ’ਚ ਨਿਭਾਈ ਜਾ ਰਹੀ ਅਹੰਮ ਭੂਮਿਕਾ ’ਤੇ ਜ਼ੋਰ ਦਿੱਤਾ। ਕੈਂਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਲਈ ਵਿਦਿਆਰਥਣ ਡੌਲੀ ਨੂੰ ਸਰਬੋਤਮ ਐੱਨਐੱਸਐੱਸ ਵਲੰਟੀਅਰ ਦੀ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪ੍ਰਿੰਸੀਪਲ ਡਾ. ਸਰਬਜੀਤ ਕੌਰ ਰਾਏ ਨੇ ਆਪਣੇ ਸੰਬੋਧਨ ’ਚ ਰਾਸ਼ਟਰੀ ਸੇਵਾ ਯੋਜਨਾ ਦੀ ਮਹੱਤਤਾ ਤੇ ਇਸ ਦੀ ਉਤਪਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੱਤ ਦਿਨਾਂ ਕੈਂਪ ਦੌਰਾਨ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਦੀ ਸੰਖੇਪ ਰਿਪੋਰਟ ਪੇਸ਼ ਕਰਦਿਆਂ ਐੱਨਐੱਸਐੱਸ ਅਧਿਕਾਰੀਆਂ ਤੇ ਸਵੈਛਿਕਾਂ ਦੇ ਸੁਹਿਰਦ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।