ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਾਇਆ
ਪਰਵਾਸੀ ਭਾਰਤੀਆਂ ਵੱਲੋਂ ਦਾਦਾ-ਦਾਦੀ ਦੀ ਯਾਦ ’ਚ ਮੁਫ਼ਤ ਅੱਖਾਂ ਦੇ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ
Publish Date: Sun, 22 Feb 2026 07:28 PM (IST)
Updated Date: Sun, 22 Feb 2026 07:31 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ ਜਲੰਧਰ ਕੈਂਟ : ਪਰਵਾਸੀ ਭਾਰਤੀਆਂ ਵੱਲੋਂ ਆਪਣੇ ਦਾਦਾ-ਦਾਦੀ ਦੀ ਯਾਦ ’ਚ ਮੁਫ਼ਤ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਪਿੰਡ ਵੜਿੰਗ ਜਲੰਧਰ ’ਚ ਲਾਇਆ ਗਿਆ। ਸਮਾਜ ਸੇਵਾ ਦੇ ਖੇਤਰ ਵਿਚ ਇਕ ਨਿਵੇਕਲੀ ਪਹਿਲ ਕਰਦਿਆਂ ਪਰਵਾਸੀ ਭਾਰਤੀ ਗੁਰਦੇਵ ਰਾਮ ਜੱਸੀ ਤੇ ਕਾਂਤਾ ਜੱਸੀ ਪਰਿਵਾਰ ਵੱਲੋਂ ਆਪਣੇ ਸਵ. ਦਾਦਾ ਜੀ ਤੇ ਦਾਦੀ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸੰਤੀ ਮੁਨਸ਼ੀ ਵੈੱਲਫੇਅਰ ਸੁਸਾਇਟੀ ਪੰਜਾਬ ਬਣਾਈ ਗਈ। ਇਸ ਸੁਸਾਇਟੀ ਦੇ ਬੈਨਰ ਹੇਠ ਇਲਾਕੇ ਦੇ ਲੋੜਵੰਦ ਲੋਕਾਂ ਦੀ ਸਹੂਲਤ ਲਈ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਾਇਆ ਗਿਆ। ਮੁਫ਼ਤ ਇਲਾਜ ਕੈਂਪ ਦੌਰਾਨ ਸੈਂਕੜੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਤੇ ਨਜ਼ਰ ਦੇ ਟੈਸਟ, ਬੀਪੀ, ਸ਼ੂਗਰ, ਪੇਟ ਦੇ ਬਿਮਾਰੀਆਂ ਤੇ ਚਿੱਟੇ ਮੋਤੀਏ ਦਾ ਚੈੱਕਅਪ ਬਿਲਕੁਲ ਮੁਫ਼ਤ ਕਰ ਕੇ ਦਵਾਈਆਂ ਸੁਸਾਇਟੀ ਵੱਲੋਂ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਟੀਮ ’ਚ ਇਲਾਕੇ ਦੇ ਨਾਮਵਰ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਬਾਰੀਕੀ ਨਾਲ ਡਾਕਟਰੀ ਮੁਆਇਨਾ ਕੀਤਾ ਗਿਆ। ਪਰਿਵਾਰ ਵੱਲੋਂ ਸਮਾਜ ਸੇਵਾ ਦੇ ਕੰਮਾਂ ਦੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗਾਂ ਨੇ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਨ ਦੀ ਸਿੱਖਿਆ ਦਿੱਤੀ ਸੀ। ਬਜ਼ੁਰਗਾਂ ਦੀ ਯਾਦ ’ਚ ਬਣਾਈ ਗਈ ਇਹ ਸੁਸਾਇਟੀ ਭਵਿੱਖ ’ਚ ਵੀ ਸਿੱਖਿਆ, ਸਿਹਤ ਤੇ ਹੋਰ ਸਮਾਜ ਭਲਾਈ ਦੇ ਕੰਮਾਂ ’ਚ ਆਪਣਾ ਯੋਗਦਾਨ ਪਾਉਂਦੀ ਰਹੇਗੀ ਤਾਂ ਜੋ ਆਪਣੀ ਮਿੱਟੀ ਨਾਲ ਜੁੜੇ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਜਾ ਸਕੇ। ਇਸ ਮੌਕੇ ਇਲਾਕੇ ਦੀ ਮੁੱਖ ਸ਼ਖ਼ਸੀਅਤ ਰਾਜਵਿੰਦਰ ਕੌਰ ਥਿਆੜਾ ਆਮ ਆਦਮੀ ਪਾਰਟੀ ਕੈਂਟ ਹਲਕਾ ਇੰਚਾਰਜ ਨੇ ਜੱਸੀ ਪਰਿਵਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਕਾਰਜ ਦੂਜਿਆਂ ਲਈ ਵੀ ਪ੍ਰੇਰਨਾਸਰੋਤ ਹਨ। ਇਸ ਮੌਕੇ ਆਪ੍ਰੇਸ਼ਨਲ ਹੈੱਡ ਹਿਮਾਨੀ ਗੱਖੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਅਗਲਾ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ 8 ਮਾਰਚ ਨੂੰ ਲਾਇਆ ਜਾਵੇਗਾ।