ਐੱਨਆਰਆਈ ਵੱਲੋਂ ਟਰੱਸਟ ਨੂੰ ਇਕ ਲੱਖ ਰੁਪਏ ਭੇਟ
ਐੱਨਆਰਆਈ ਵੱਲੋਂ ਟਰੱਸਟ ਨੂੰ ਇਕ ਲੱਖ ਰੁਪਏ ਭੇਟ
Publish Date: Sat, 28 Feb 2026 08:24 PM (IST)
Updated Date: Sat, 28 Feb 2026 08:25 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਗੁਰੂ ਨਾਨਕ ਮੋਦੀਖ਼ਾਨਾ ਚੈਰੀਟੇਬਲ ਟਰੱਸਟ ਲੋਹੀਆਂ ਖ਼ਾਸ, ਗੁਰਦੁਆਰਾ ਸਿੱਖ ਸੈਂਟਰ ਆਫ ਸਿਆਟਲ ਅਮਰੀਕਾ ਤੇ ਸੋਚ ਸੈਂਟਰ ਸਿਆਟਲ ਅਮਰੀਕਾ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ’ਚ ਮਿਸ਼ਨ ਗੁਰੂ ਕਾ ਲੰਗਰ ਤਹਿਤ ਟਰੱਸਟ ਵੱਲੋਂ ਹਰ ਮਹੀਨੇ 115 ਤੋਂ ਵੱਧ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ। ਛੋਟੇ ਬੱਚਿਆਂ ਵਾਲੀਆਂ ਵਿਧਵਾ ਔਰਤਾਂ, ਬਿਮਾਰਾਂ ਤੇ ਬਜ਼ੁਰਗਾਂ ਵਾਸਤੇ ਮਿਸ਼ਨ ਗੁਰੂ ਕਾ ਲੰਗਰ ਤਹਿਤ ਦਿੱਤੇ ਜਾਂਦੇ ਮਹੀਨਾਵਾਰੀ ਰਾਸ਼ਨ ਦਾ ਬਿੱਲ ਸੰਗਤਾਂ ਦੇ ਸਹਿਯੋਗ ਨਾਲ ਅਦਾ ਕੀਤਾ ਜਾਂਦਾ ਹੈ, ਜਿਸ ’ਚ ਲੋਹੀਆਂ ਦੇ 200 ਦੇ ਕਰੀਬ ਦੁਕਾਨਦਾਰਾਂ ਵੱਲੋਂ ਹਰ ਮਹੀਨੇ ਦਿੱਤੀ ਜਾ ਰਹੀ ਦਸਵੰਧ ਭੇਟਾ ਦਾ ਵੀ ਵਿਸ਼ੇਸ਼ ਯੋਗਦਾਨ ਸ਼ਾਮਲ ਹੈ। ਜਾਣਕਾਰੀ ਦਿੰਦਿਆਂ ਸਤਿੰਦਰ ਸਿੰਘ ਖ਼ਾਲਸਾ, ਅਮਨਦੀਪ ਸਿੰਘ ਦੇਵਗੁਣ ਤੇ ਈਸ਼ਵਰ ਸਿੰਘ ਕੰਗ ਵੱਲੋਂ ਦੱਸਿਆ ਗਿਆ ਕਿ ਦਾਨੀ ਸੱਜਣਾਂ ਤੇ ਖਾਸ ਕਰ ਪਰਵਾਸੀ ਭਾਰਤੀਆਂ ਦੇ ਮਨਾਂ ’ਚ ਮਿਸ਼ਨ ਗੁਰੂ ਕਾ ਲੰਗਰ ਨੂੰ ਜਾਰੀ ਰੱਖਣ ਲਈ ਬੇਹੱਦ ਉਤਸ਼ਾਹ ਹੈ। ਇਸੇ ਤਰ੍ਹਾਂ ਲੋਹੀਆਂ ਸ਼ਹਿਰ ਦੇ ਪ੍ਰੇਮ ਕੁਮਾਰ ਤੇਜੀ ਪੰਮਾ (ਮਨੀਲਾ) ਵੱਲੋਂ ਮਾਰਚ ਮਹੀਨੇ ਦੇ ਰਾਸ਼ਨ ਲਈ ਇਕ ਲੱਖ (100,000) ਰੁਪਏ ਦਾ ਚੈੱਕ ਟਰੱਸਟ ਨੂੰ ਸੌਂਪਿਆ ਗਿਆ ਹੈ, ਜਿਸ ਲਈ ਟਰੱਸਟ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।