ਹੁਣ ਕੰਪਨੀ ਹੀ ਕਰੇਗੀ ਸਟ੍ਰੀਟ ਲਾਈਟਾਂ ਦਾ ਰੱਖ-ਰਖਾਅ
ਜਾਸ, ਜਲੰਧਰ : ਵੱਖ-ਵੱਖ
Publish Date: Fri, 20 Feb 2026 09:54 PM (IST)
Updated Date: Fri, 20 Feb 2026 09:57 PM (IST)
ਜਾਸ, ਜਲੰਧਰ : ਵੱਖ-ਵੱਖ ਗ੍ਰਾਂਟਾਂ ਨਾਲ ਲੱਗੀਆਂ 30 ਹਜ਼ਾਰ ਤੋਂ ਵੱਧ ਐੱਲਈਡੀ ਲਾਈਟਾਂ ਦੇ ਰੱਖ-ਰਖਾਅ ਸਬੰਧੀ ਐੱਚਪੀਐੱਲ ਕੰਪਨੀ ਨੇ ਨਗਰ ਨਿਗਮ ਨਾਲ ਐਗਰੀਮੈਂਟ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਕੰਪਨੀ ਨੇ ਹੁਣ ਤੱਕ 70 ਹਜ਼ਾਰ ਤੋਂ ਵੱਧ ਲਾਈਟਾਂ ਦੇ ਰੱਖ-ਰਖਾਅ ਦਾ ਕੰਮ ਕੀਤਾ ਹੈ ਤੇ ਹੁਣ ਇਹ ਗਿਣਤੀ ਇਕ ਲੱਖ ਤੋਂ ਵੱਧ ਹੋ ਗਈ ਹੈ। ਲਾਈਟਾਂ ਦਾ ਰੱਖ-ਰਖਾਅ ਪਹਿਲਾਂ ਨਗਰ ਨਿਗਮ ਖੁਦ ਕਰ ਰਿਹਾ ਸੀ। ਇਹ ਲਾਈਟਾਂ ਸੰਸਦ ਮੈਂਬਰਾਂ, ਵਿਧਾਇਕਾਂ ਤੇ ਮੰਤਰੀਆਂ ਦੀਆਂ ਗ੍ਰਾਂਟਾਂ ਨਾਲ ਲਗਾਈਆਂ ਗਈਆਂ ਹਨ, ਜਿਸ ’ਚ ਪੁੱਡਾ ਤੇ ਟਰੱਸਟ ਦੀਆਂ ਕਾਲੋਨੀਆਂ ਦੀਆਂ ਸਟ੍ਰੀਟ ਲਾਈਟਾਂ ਵੀ ਸ਼ਾਮਲ ਹਨ।
ਕਈ ਥਾਈਂ ਪੀਡਬਲਯੂਡੀ ਨੇ ਵੀ ਲਾਈਟਾਂ ਲਾਈਆਂ ਹਨ। ਨਗਰ ਨਿਗਮ ਇਨ੍ਹਾਂ ਦਾ ਠੀਕ ਤਰੀਕੇ ਨਾਲ ਰੱਖ-ਰਖਾਅ ਨਹੀਂ ਕਰ ਰਿਹਾ ਸੀ ਤੇ 30 ਵਿਚੋਂ 10 ਹਜ਼ਾਰ ਤੋਂ ਵੱਧ ਲਾਈਟਾਂ ਬੰਦ ਪਈਆਂ ਹਨ। ਐਗਰੀਮੈਂਟ ਮਗਰੋਂ ਲਾਈਟਾਂ ਦੇ ਰੱਖ-ਰਖਾਅ ਲਈ ਕੰਮ ਕਰਨ ਵਾਲੀਆਂ ਟੀਮਾਂ ਦੀ ਗਿਣਤੀ 25 ਤੋਂ ਵਧਾ ਕੇ 34 ਕਰ ਦਿੱਤੀ ਗਈ ਹੈ।
ਨਗਰ ਨਿਗਮ ਨੇ ਕੰਪਨੀ ਨੂੰ ਐਗਰੀਮੈਂਟ ਹੋਣ ਮਗਰੋਂ ਸਾਰੀਆਂ ਲਾਈਟਾਂ ਨੂੰ ਚਾਲੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਿੱਜੀ ਕੰਪਨੀ ਐੱਚਪੀਐੱਲ ਦੇ ਪ੍ਰੋਜੈਕਟ ਮੈਨੇਜਰ ਰਾਮ ਦਾਹੀਆ ਅਨੁਸਾਰ 25 ਮਾਰਚ ਤੋਂ ਪਹਿਲਾਂ ਸ਼ਹਿਰ ਦੀਆਂ ਸਾਰੀਆਂ ਲਾਈਟਾਂ ਚਾਲੂ ਕਰ ਦਿੱਤੀਆਂ ਜਾਣਗੀਆਂ। ਇਸ ਕੰਮ ਲਈ ਕੰਪਨੀ ਨੇ ਮਸ਼ੀਨਰੀ ਵੀ ਖਰੀਦ ਲਈ ਹੈ। ਲਾਈਟਾਂ ਚਾਲੂ ਹੋਣ ਮਗਰੋਂ ਮੇਅਰ ਵਨੀਤ ਧੀਰ ਆਪਣੀ ਟੀਮ ਨਾਲ ਪੂਰੇ ਸ਼ਹਿਰ ਦਾ ਦੌਰਾ ਕਰਨਗੇ। ਦਾਹੀਆ ਨੇ ਦੱਸਿਆ ਕਿ ਲਗਪਗ 10 ਹਜ਼ਾਰ ਲਾਈਟਾਂ ਜੋ ਬੰਦ ਹਨ, ਉਹ ਮੁਹੱਲਿਆਂ ’ਚ ਲੱਗੀਆਂ ਹਨ। ਕੰਪਨੀ ਦੀਆਂ ਟੀਮਾਂ ਨੇ ਉਨ੍ਹਾਂ ਦੇ ਰੱਖ-ਰਖਾਅ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ, ਐੱਚਪੀਐੱਲ ਕੰਪਨੀ ਨੇ ਕੁਝ ਮਹੀਨੇ ਪਹਿਲਾਂ ਸਰਵੇ ਕੀਤਾ ਸੀ ਕਿ ਸ਼ਹਿਰ ’ਚ 30 ਹਜ਼ਾਰ ਲਾਈਟਾਂ ਹਨ ਪਰ ਹੁਣ ਇਹ ਗਿਣਤੀ ਹੋਰ ਵੱਧ ਗਈ ਹੈ। ਹਰ ਵਾਰਡ ’ਚ 25 ਲਾਈਟਾਂ ਕੌਂਸਲਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ।